ਐਨਰਜੀ ਸੇਵਿੰਗ ਰਾਹੀਂ ਪੈਸਾ ਕਮਾਉਣ ਦੇ ਚੱਕਰ ’ਚ ਐੱਲ. ਈ. ਡੀ. ਕੰਪਨੀ ਕਰ ਰਹੀ ਹੇਰਾਫੇਰੀ

Friday, Jul 27, 2018 - 05:52 AM (IST)

ਐਨਰਜੀ ਸੇਵਿੰਗ ਰਾਹੀਂ ਪੈਸਾ ਕਮਾਉਣ ਦੇ ਚੱਕਰ ’ਚ ਐੱਲ. ਈ. ਡੀ. ਕੰਪਨੀ ਕਰ ਰਹੀ ਹੇਰਾਫੇਰੀ

ਜਲੰਧਰ,    (ਖੁਰਾਣਾ)—  ਕਾਂਗਰਸੀ ਕੌਂਸਲਰ ਰੋਹਣ ਸਹਿਗਲ ਨੇ ਐੱਲ. ਈ. ਡੀ. ਸਟਰੀਟ ਲਾਈਟਾਂ  ਲਾ ਰਹੀ ਕੰਪਨੀ 'ਤੇ ਇਕ ਹੋਰ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਹ ਕੰਪਨੀ ਐਨਰਜੀ  ਸੇਵਿੰਗ ਰਾਹੀਂ ਵੱਧ ਪੈਸਾ ਕਮਾਉਣ ਦੇ ਚੱਕਰ ਵਿਚ ਵਾਰਡਾਂ ਅੰਦਰ ਘੱਟ ਵਾਟ ਵਾਲੀਆਂ  ਲਾਈਟਾਂ ਲਾ ਰਹੀ ਹੈ ਕਿਉਂਕਿ ਜਿੰਨੀ ਐਨਰਜੀ ਸੇਵਿੰਗ ਹੋਵੇਗੀ, ਉਸ ਵਿਚ 89 ਫੀਸਦੀ ਕੰਪਨੀ  ਨੂੰ ਮਿਲੇਗਾ ਅਤੇ ਬਾਕੀ 11 ਫੀਸਦੀ ਨਿਗਮ ਦੇ ਹਿੱਸੇ ਆਏਗਾ।
ਰੋਹਣ ਸਹਿਗਲ ਨੇ ਦੱਸਿਆ  ਕਿ ਕੰਪਨੀ ਨੇ ਪ੍ਰਤਾਪ ਬਾਗ ਅਤੇ ਫਗਵਾੜਾ ਗੇਟ ਵਾਰਡ ਤੋਂ ਉੱਤਰੀ ਹਲਕੇ ਦਾ ਪ੍ਰਾਜੈਕਟ  ਸ਼ੁਰੂ ਕੀਤਾ ਸੀ ਪਰ ਪਤਾ ਲੱਗਾ ਹੈ ਕਿ ਕੰਪਨੀ ਨੇ ਜਿਥੋਂ 150 ਅਤੇ 70 ਵਾਟ ਦੀਆਂ  ਪੁਰਾਣੀਆਂ ਸੋਡੀਅਮ ਲਾਈਟਾਂ ਉਤਾਰੀਆਂ, ਉਥੇ ਕ੍ਰਮਵਾਰ 60 ਅਤੇ 30 ਵਾਟ ਦੀਆਂ ਐੱਲ. ਈ.  ਡੀ. ਲਾਈਟਾਂ ਲਾਉਣ ਦੀ ਬਜਾਏ 18 ਵਾਟ ਦੀਆਂ ਲਾਈਟਾਂ ਹੀ ਲਾ ਦਿੱਤੀਆਂ। ਇਸ ਕਾਰਨ ਗਲੀਆਂ  ਵਿਚ ਹਨੇਰਾ ਰਹਿਣ ਲੱਗ ਪਿਆ। 
ਰੋਹਣ ਸਹਿਗਲ ਨੇ ਦੱਸਿਆ ਕਿ ਵਿਧਾਇਕ ਬਾਵਾ ਹੈਨਰੀ  ਨੇ ਉੱਤਰੀ ਖੇਤਰ ਵਿਚ ਹੋ ਰਹੀ ਇਸ ਘਪਲੇਬਾਜ਼ੀ ਦਾ ਗੰਭੀਰ ਨੋਟਿਸ ਲਿਆ ਹੈ। ਕੰਪਨੀ ਦੇ  ਅਧਿਕਾਰੀਆਂ ਦੀ ਜਵਾਬ-ਤਲਬੀ ਵੀ ਕੀਤੀ ਹੈ। ਕੰਪਨੀ ਹੁਣ ਤੱਕ ਇਸ ਵਾਰਡ ਵਿਚ 90 ਲਾਈਟਾਂ  ਲਾ ਚੁੱਕੀ ਹੈ। ਇਨ੍ਹਾਂ ਵਿਚੋਂ ਵਧੇਰੇ 18 ਵਾਟ ਦੀਆਂ ਹਨ। ਹੋਰ ਤਾਂ ਹੋਰ, ਕੌਂਸਲਰ ਦੇ  ਘਰ ਦੇ ਸਾਹਮਣੇ ਵੀ 150 ਵਾਟ ਵਾਲੀ ਪੁਰਾਣੀ ਲਾਈਟ ਲਾਹ ਕੇ ਉਥੇ 18 ਵਾਟ ਵਾਲੀ  ਐੱਲ. ਈ.  ਡੀ. ਵਾਲੀ ਲਾਈਟ ਲਾ ਦਿੱਤੀ ਗਈ, ਜਦਕਿ ਉਥੇ ਕਾਂਟਰੈਕਟ ਮੁਤਾਬਕ 60 ਵਾਟ ਦੀ ਐੱਲ. ਈ.  ਡੀ. ਲੱਗਣੀ ਸੀ। ਰੋਹਣ ਸਹਿਗਲ ਨੇ ਕਿਹਾ ਕਿ ਦਿਨ-ਬ-ਦਿਨ ਕੌਂਸਲਰਾਂ ਦੇ ਸਾਹਮਣੇ ਐੱਲ. ਈ.  ਡੀ. ਕੰਪਨੀ ਦੇ ਘਪਲੇ ਅਤੇ ਮਨਮਰਜ਼ੀਆਂ ਸਾਹਮਣੇ ਆ ਰਹੀਆਂ ਹਨ। 
ਘੱਟ ਵਾਟ ਵਾਲੀਆਂ 
ਲਾਈਟਾਂ ਕਾਫੀ ਸਸਤੀਆਂ
ਕੌਸਲਰ  ਰੋਹਣ ਨੇ ਦੱਸਿਆ ਕਿ ਐਨਰਜੀ ਸੇਵਿੰਗ ਰਾਹੀਂ ਪੈਸਾ ਕਮਾਉਣ ਦੇ ਚੱਕਰ ਵਿਚ ਕੰਪਨੀ ਸਸਤੀਆਂ  ਲਾਈਟਾਂ ਲਾ ਕੇ ਵੀ ਪੈਸੇ ਬਚਾ ਰਹੀ ਹੈ। ਫਗਵਾੜਾ ਗੇਟ ਵਿਖੇ 60 ਵਾਟ ਦੀ ਐੱਲ. ਈ. ਡੀ.  ਲਾਈਟ 1600 ਰੁਪਏ ਵਿਚ ਮਿਲ ਜਾਂਦੀ ਹੈ, ਜਦਕਿ 18 ਵਾਟ ਵਾਲੀ ਐੱਲ.ਈ.ਡੀ. ਸਿਰਫ 500  ਰੁਪਏ ਵਿਚ ਆਉਂਦੀ ਹੈ। ਐੱਲ. ਈ. ਡੀ. ਲਾਈਟ ਦੀ ਕੁਆਲਿਟੀ ਨੂੰ ਲੈਕੇ ਜੋ ਸ਼ੱਕ ਪ੍ਰਗਟ  ਕੀਤੇ ਜਾ ਰਹੇ ਸਨ,ਦੇ ਸਬੂਤ ਮਿਲਣੇ ਸ਼ੁਰੂ ਹੋ ਗਏ ਹਨ ਕਿਉਂਕਿ ਫਗਵਾੜਾ ਗੇਟ ਖੇਤਰ ਵਿਚ  ਲੱਗੀਆਂ ਕੁਝ ਲਾਈਟਾਂ ਖਰਾਬ ਹੋ ਗਈਆਂ ਹਨ। 
ਕੰਪਨੀ ਕਰ ਰਹੀ ਹੈ ਲਿਪਾਪੋਚੀ
ਇਸ ਦੌਰਾਨ ਐੱਲ. ਈ. ਡੀ. ਸਟਰੀਟ ਲਾਈਟਾਂ ਦਾ ਕੰਟਰੈਕਟ ਲੈਣ ਵਾਲੀ ਕੰਪਨੀ ਦੇ ਅਧਿਕਾਰੀਆਂ  ਨੇ ਘੱਟ ਵਾਟ ਵਾਲੀਆਂ ਐੱਲ. ਈ. ਡੀ. ਲਾਈਟਾਂ ਲਾਉਣ ਦੇ ਮਾਮਲੇ ਵਿਚ ਲਿਪਾਪੋਚੀ ਕਰਨ ਵਾਲਾ  ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਘੱਟ ਵਾਟ ਵਾਲੀਆਂ ਲਾਈਟਾਂ  ਉਪਲਬਧ ਸਨ, ਜਿਸ ਕਾਰਨ ਨਿਗਮ ਅਧਿਕਾਰੀਆਂ ਨੇ  ਉਹ ਹੀ ਲਾਈਟਾਂ ਫਗਵਾੜਾ ਗੇਟ ਵਾਰਡ ਵਿਚ  ਲਾ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਲਾਈਟਾਂ ਬਦਲੀਆਂ ਵੀ ਜਾ ਸਕਦੀਆਂ ਹਨ।


Related News