ਸਮੀਰ ਕਟਾਰੀਆ ਕਤਲ ਕਾਂਡ ਦੇ ਮੁਲਜ਼ਮ ਦਾ ਪਟਿਆਲਾ ’ਚ ਐਨਕਾਊਂਟਰ
Monday, Feb 05, 2024 - 12:02 PM (IST)
ਪਟਿਆਲਾ (ਬਲਜਿੰਦਰ) : ਸਥਾਨਕ ਪਾਸੀ ਰੋਡ ’ਤੇ ਹੋਏ ਸਮੀਰ ਕਟਾਰੀਆ ਕਤਲ ਕਾਂਡ ’ਚ ਸ਼ਾਮਲ ਸੁਖਦੀਪ ਸਿੰਘ ਉਰਫ ਉਗਾ ਨੂੰ ਸੀ. ਆਈ. ਏ. ਸਟਾਫ ਨਾਲ ਹੋਏ ਐਨਕਾਊਂਟਰ ’ਚ ਜ਼ਖਮੀ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐੱਸ. ਪੀ. ਡੀ. ਪਵਨਜੀਤ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਕਰਦੇ ਹੋਏ ਸੁਖਦੀਪ ਸਿੰਘ ਉਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੰਗਾਵਾਲੀ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਐਨਕਾਊਂਟਰ ਬੂਟਾ ਸਿੰਘ ਵਾਲਾ ਨੇੜੇ ਹੋਇਆ, ਜਿਸ ’ਚ ਇਕ ਪਿਸਟਲ 32 ਬੋਰ, 4 ਰੌਂਦ ਅਤੇ 3 ਖੋਲੀ ਰੌਂਦ ਅਤੇ ਲੁਧਿਆਣਾ ਤੋਂ ਖੋਹੀ ਹੋਈ ਆਈ. 20 ਕਾਰ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੰਜਾਬ ਦੀ ਗਵਰਨਰ ਲਗਾਏ ਜਾਣ ਦੀ ਜਾਣੋ ਕੀ ਹੈ ਸੱਚਾਈ
ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਸਮੀਰ ਕਟਾਰੀਆ ਕਤਲ ਕੇਸ ’ਚ ਲੋੜੀਂਦੇ ਸੁਖਦੀਪ ਸਿੰਘ ਦੀ ਭਾਲ ਸੀ। ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਜੋੜੀਆਂ ਸੜਕਾਂ ਤੋਂ ਪੱਟੜੀ ਸੂਏ ਸਨੌਰ ਵੱਲ ਜਾ ਰਹੀ ਸੀ। ਪਿੰਡ ਬੂਟਾ ਸਿੰਘ ਵਾਲਾ ਪੁੱਜੀ ਤਾਂ ਸਨੌਰ ਸਾਈਡ ਤੋਂ ਇਕ ਆਈ 20 ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਦੀ ਪਛਾਣ ਸੁਖਦੀਪ ਸਿੰਘ ਦੇ ਉਗਾ ਦੇ ਰੂਪ ’ਚ ਹੋਈ, ਜਿਸ ਨੇ ਕਾਰ ਖੜੀ ਕਰਕੇ ਕਾਰ ’ਚੋਂ ਬਾਹਰ ਨਿਕਲ ਕੇ ਆਪਣੇ ਡੱਬ ’ਚ ਪਿਸਟਲ ਕੱਢ ਕੇ ਪੁਲਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਆਪਣੀ ਹਿਫਾਜ਼ਤ ਲਈ ਫਾਇਰ ਕੀਤੇ, ਜਿਸ ਕਾਰਨ ਸੁਖਦੀਪ ਸਿੰਘ ਉਗਾ ਸੱਜੀ ਲੱਤ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਫੌਰੀ ਤੌਰ ’ਤੇ ਇਲਾਜ ਲਈ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਾਇਆ ਗਿਆ। ਉਸ ਖ਼ਿਲਾਫ ਇਸ ਮਾਮਲੇ ’ਚ ਇਰਾਦਾ ਕਤਲ ਅਤੇ ਡਿਊਟੀ ’ਚ ਵਿਘਨ ਪਾਉਣ ਦੋਸ਼ ’ਚ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਣ ਵਾਲੇ ਇੰਸਪੈਕਟਰ ’ਤੇ ਵੱਡੀ ਕਾਰਵਾਈ
ਵਰੁਣ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਸੁਖਦੀਪ ਸਿੰਘ ਉਗਾ, ਅਭਿਸ਼ੇਕ ਆਦਿ ਵੱਲੋਂ ਪਟਿਆਲਾ ਅਤੇ ਲੁਧਿਆਣਾ ਵਿਖੇ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ ’ਚ ਮਿਤੀ 27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਸਮੀਰ ਕਟਾਰੀਆ ਦਾ ਕਤਲ ਅਤੇ ਦੂਜੀ ਵਾਰਦਾਤ ਲੁਧਿਆਣਾ ਤੋਂ ਆਈ-20 ਕਾਰ ਦੀ ਲੁੱਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਗਿੱਲ ਰੋਡ ਲੁਧਿਆਣਾ ਵਿਖੇ ਇਕ ਅੋਰਤ ਆਪਣੇ ਲੜਕੇ ਨਾਲ ਕਿਸੇ ਫੰਕਸ਼ਨ ’ਤੇ ਜਾਣ ਲਈ ਕਾਰ ਖੜੀ ਕਰਕੇ ਸ਼ਗਨਾਂ ਵਾਲਾ ਲਿਫਾਫਾ ਲੈਣ ਲੱਗੇ ਸੀ, ਜੋ ਔਰਤ ਕਾਰ ’ਚ ਬੈਠੀ ਸੀ ਅਤੇ ਲੜਕਾ ਲਿਫਾਫਾ ਲੈ ਰਿਹਾ ਸੀ, ਜਿਸ ’ਤੇ ਇਨ੍ਹਾਂ ਨੇ ਔਰਤ ਨੂੰ ਗੰਨ ਪੁਆਇੰਟ ’ਤੇ ਕਾਰ ਸਮੇਤ ਅਗਵਾ ਕਰ ਲਿਆ ਅਤੇ ਅਮਰਗੜ੍ਹ ਤੱਕ ਲੈ ਆਏ, ਜਿੱਥੇ ਇਨ੍ਹਾਂ ਨੇ ਔਰਤ ਦੇ ਗਹਿਣੇ ਅਤੇ ਕੈਸ਼ ਲੁੱਟ ਕੇ ਔਰਤ ਨੂੰ ਸੜਕ ’ਤੇ ਸੁੱਟ ਕੇ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਹ ਕਾਰ ਵੀ ਬਰਾਮਦ ਕਰ ਲਈ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਮੀਰ ਕਤਲ ਕੇਸ ’ਚ 4 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐੱਸ. ਪੀ. ਡੀ. ਪਵਨਜੀਤ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸ਼ਹਿਰਾਂ ਲਈ ਜਾਰੀ ਹੋਇਆ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e