ਹੁਣ ਮੋਹਾਲੀ 'ਚ ਪੁਲਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ

Friday, Dec 22, 2023 - 10:48 AM (IST)

ਹੁਣ ਮੋਹਾਲੀ 'ਚ ਪੁਲਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ

ਮੋਹਾਲੀ (ਪਰਦੀਪ) : ਵਿਦੇਸ਼ 'ਚ ਬੈਠ ਕੇ ਫ਼ਿਰੌਤੀ ਦੀਆਂ ਕਾਲਾਂ ਕਰਨ ਵਾਲੇ ਪ੍ਰਿੰਸ ਚੌਹਾਨ ਰਾਣਾ ਗਿਰੋਹ ਦੇ 2 ਗੈਂਗਸਟਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਪਿੰਡ ਦਾਊਂ ਵਿਖੇ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ। ਲੱਤਾਂ 'ਚ ਗੋਲੀ ਲੱਗਣ ਕਾਰਨ ਦੋਹਾਂ ਮੁਲਜ਼ਮਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਵਿਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮਾਂ ਦੀ ਪਛਾਣ ਬ੍ਰਿਜਪਾਲ ਅਤੇ ਪ੍ਰਦੀਪ ਉਰਫ਼ ਸ਼ੈਂਟੀ ਵਾਸੀ ਨਰਾਇਣਗੜ੍ਹ ਵਜੋਂ ਹੋਈ ਹੈ। ਮੁਲਜ਼ਮ ਬ੍ਰਿਜਪਾਲ ਦੇ ਪੈਰਾਂ 'ਚ ਤਿੰਨ ਗੋਲੀਆਂ ਲੱਗੀਆਂ ਹਨ, ਜਦੋਂ ਕਿ ਪ੍ਰਦੀਪ ਦੇ ਪੈਰਾਂ 'ਚ 2 ਗੋਲੀਆਂ ਲੱਗੀਆਂ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ 2 ਪਿਸਤੌਲਾਂ ਅਤੇ ਕੁੱਝ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਮੁਲਜ਼ਮਾਂ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਲੈ ਗਈ ਪਰ ਹਾਲਤ ਵਿਗੜਨ ਕਾਰਨ ਚੰਡੀਗੜ੍ਹ ਰੈਫ਼ਰ ਕਰ ਦਿੱਤਾ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਤੱਕ ਪੁੱਜਿਆ ਨਵਜੋਤ ਸਿੱਧੂ ਵਿਵਾਦ, ਮੰਗਵਾਈ ਗਈ ਰਿਪੋਰਟ

ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਾਊਂ 'ਚ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਵਿਅਕਤੀ ਇਕ ਪ੍ਰਾਪਰਟੀ ਡੀਲਰ ’ਤੇ ਗੋਲੀਆਂ ਚਲਾਉਣ ਦੇ ਇਰਾਦੇ ਨਾਲ ਘੁੰਮ ਰਹੇ ਹਨ। ਡੀ. ਐੱਸ. ਪੀ. ਕ੍ਰਾਈਮ ਬ੍ਰਾਂਚ ਗੁਰਸ਼ੇਰ ਸਿੰਘ ਸੰਧੂ ਅਤੇ ਥਾਣਾ ਇੰਚਾਰਜ ਸ਼ਿਵਕੁਮਾਰ ਦੀ ਨਿਗਰਾਨੀ ਹੇਠ ਟੀਮ ਮੁਲਜ਼ਮਾਂ ਤੱਕ ਪਹੁੰਚੀ। ਟੀਮ ਨੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਸ ਨੂੰ ਦੇਖ ਕੇ ਮੁਲਜ਼ਮਾਂ ਨੇ ਮੋਟਰਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਟਰਸਾਈਕਲ ਡੀ. ਐੱਸ. ਪੀ. ਗੁਰਸ਼ੇਰ ਸਿੰਘ ਸੰਧੂ ਦੀ ਕਾਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਹੇਠਾਂ ਡਿੱਗ ਪਏ ਅਤੇ ਉੱਠਦਿਆਂ ਹੀ ਉਨ੍ਹਾਂ ਨੇ ਪੁਲਸ ਟੀਮ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬ 'ਚ ਪੁਲਸ ਟੀਮ ਨੇ ਵੀ ਗੋਲੀਆਂ ਚਲਾਈਆਂ। ਮੁਲਜ਼ਮ ਬ੍ਰਿਜਪਾਲ ਦੇ ਪੈਰਾਂ 'ਚ ਤਿੰਨ ਅਤੇ ਪ੍ਰਦੀਪ ਦੇ ਪੈਰਾਂ 'ਚ 2 ਗੋਲੀਆਂ ਲੱਗੀਆਂ। ਪੁਲਸ ਨੇ ਚੌਕਸੀ ਦਿਖਾਉਂਦਿਆਂ ਦੋਵਾਂ ਨੂੰ ਕਾਬੂ ਕਰ ਕੇ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪ੍ਰੀਖਿਆਵਾਂ ਦੌਰਾਨ 2 ਕਾਲਜਾਂ ਦੇ ਪ੍ਰੀਖਿਆ ਕੇਂਦਰ ਬਦਲੇ, ਜਾਣੋ ਕੀ ਹੈ ਕਾਰਨ
ਦੋ ਮਹੀਨਿਆਂ ਤੋਂ ਇਲਾਕੇ ’ਚ ਸਨ ਸਰਗਰਮ
ਐੱਸ. ਐੱਸ. ਪੀ. ਡਾ. ਗਰਗ ਨੇ ਦੱਸਿਆ ਕਿ ਕਥਿਤ ਮੁਲਜ਼ਮ 2 ਮਹੀਨਿਆਂ ਤੋਂ ਬਲੌਂਗੀ, ਝਾਮਪੁਰ, ਮੁੱਲਾਂਪੁਰ ਅਤੇ ਕੁਰਾਲੀ ਖੇਤਰਾਂ 'ਚ ਸਰਗਰਮ ਸਨ। ਪੁਲਸ ਨੂੰ ਇਲਾਕੇ ਵਿਚੋਂ ਫਿਰੌਤੀ ਦੀਆਂ ਕਾਲਾਂ ਨਾਲ ਸਬੰਧਿਤ 7 ਤੋਂ 8 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਦੀ ਕ੍ਰਾਈਮ ਬ੍ਰਾਂਚ ਜਾਂਚ 'ਚ ਰੁੱਝੀ ਹੋਈ ਸੀ। ਜਾਂਚ 'ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਵਿਦੇਸ਼ 'ਚ ਬੈਠੇ ਪ੍ਰਿੰਸ ਚੌਹਾਨ ਰਾਣਾ ਗੈਂਗ ਲਈ ਕੰਮ ਕਰਦੇ ਹਨ, ਜਿਸ ਦਾ ਸਬੰਧ ਲੱਕੀ ਪਟਿਆਲਾ ਗੈਂਗ ਨਾਲ ਹੈ। ਪੁਲਸ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਰੰਗਦਾਰੀ ਦੇ ਮਾਮਲਿਆਂ ਨਾਲ ਸਬੰਧਿਤ ਕਈ ਖ਼ੁਲਾਸੇ ਕਰਵਾਏ ਜਾਣਗੇ।
ਵਿਦੇਸ਼ਾਂ ਤੋਂ ਆਈ ਕਾਲ ’ਤੇ ਹੁੰਦਾ ਸੀ ਐਕਸ਼ਨ
ਐੱਸ. ਐੱਸ. ਪੀ. ਨੇ ਦੱਸਿਆ ਕਿ ਪ੍ਰਿੰਸ ਚੌਹਾਨ ਰਾਣਾ ਗੈਂਗ ਵਲੋਂ ਵਿਦੇਸ਼ ਤੋਂ ਹੀ ਪਹਿਲਾਂ ਵਿਅਕਤੀ ਨੂੰ ਰੰਗਦਾਰੀ ਲਈ ਕਾਲ ਕੀਤੀ ਜਾਂਦੀ ਸੀ। ਰੰਗਦਾਰੀ ਦੇਣ ਤੋਂ ਇਨਕਾਰ ਕਰਨ ’ਤੇ ਗਿਰੋਹ ਦੇ ਉਕਤ ਮੁਲਜ਼ਮ ਹਰਕਤ ਵਿਚ ਆ ਜਾਂਦੇ ਸਨ ਅਤੇ ਤੁਰੰਤ ਵਿਅਕਤੀ ’ਤੇ ਗੋਲੀਆਂ ਚਲਾਉਣ ਲਈ ਨਿਕਲ ਜਾਂਦੇ ਸਨ। ਇਸ ਤਰ੍ਹਾਂ ਇਹ ਗਿਰੋਹ ਪੂਰੀ ਯੋਜਨਾ ਤਹਿਤ ਕੰਮ ਕਰ ਰਿਹਾ ਸੀ।
ਰੰਗਦਾਰੀ ਦੀ ਆਵੇ ਕਾਲ ਤਾਂ ਤੁਰੰਤ ਪੁਲਸ ਨੂੰ ਦਿਓ ਸ਼ਿਕਾਇਤ
ਐੱਸ. ਐੱਸ. ਪੀ. ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਨੰਬਰ ਤੋਂ ਰੰਗਦਾਰੀ ਨਾਲ ਸਬੰਧੀ ਕਾਲ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਦੱਸਿਆ ਕਿ ਪੁਲਸ ਅਜਿਹੇ ਗਰੋਹਾਂ ਖਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਪੁਲਸ ਨੇ ਲਗਾਤਾਰ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News