ਮਾਮਲਾ ਅਕਾਲੀ ਨੇਤਾ ਮੁੱਖਾ ਦੇ ਐਨਕਾਊਂਟਰ ਦਾ, ਸੀ. ਪੀ. ਅੰਮ੍ਰਿਤਸਰ ਵਲੋਂ ਹਾਈਕੋਰਟ ''ਚ ਜਵਾਬ ਪੇਸ਼
Tuesday, Nov 14, 2017 - 07:38 PM (IST)

ਚੰਡੀਗੜ੍ਹ (ਬਰਜਿੰਦਰ) : ਅਕਾਲੀ ਨੇਤਾ ਮੁਖਜੀਤ ਸਿੰਘ ਮੁੱਖਾ ਦੇ ਐਨਕਾਊਂਟਰ ਕੇਸ 'ਚ ਕਮਿਸ਼ਨਰ ਆਫ ਪੁਲਸ (ਅੰਮ੍ਰਿਤਸਰ ਸਿਟੀ) ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਆਪਣਾ ਐਫੀਡੇਵਿਟ ਪੇਸ਼ ਕੀਤਾ ਹੈ। ਜਿਸ 'ਚ ਮਾਮਲੇ 'ਚ ਗਲਤ ਪਾਏ ਗਏ 7 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਉਥੇ ਹੀ ਕਿਹਾ ਗਿਆ ਹੈ ਕਿ ਗਲਤ ਪਾਏ ਗਏ ਪੁਲਸ ਮੁਲਾਜ਼ਮਾਂ ਖਿਲਾਫ ਐੱਸ.ਆਈ.ਟੀ. ਦੀ ਸਿਫਾਰਸ਼ 'ਤੇ ਨਿਯਮਿਤ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਲਈ ਢੁਕਵਾਂ ਮੁਆਵਜ਼ਾ ਤੈਅ ਕਰਨ ਲਈ ਸਮੇਂ ਦੀ ਮੰਗ ਕੀਤੀ ਹੈ। ਜਿਸ 'ਤੇ ਹਾਈਕੋਰਟ ਨੇ ਕੇਸ ਦੀ ਅਗਲੀ ਸੁਣਵਾਈ 8 ਦਸੰਬਰ ਤੈਅ ਕੀਤੀ ਹੈ।
ਪਟੀਸ਼ਨਰ ਨੇ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ। ਪਟੀਸ਼ਨਰ ਦਾ ਦਾਅਵਾ ਸੀ ਕਿ ਉਸਦੇ 38 ਸਾਲਾ ਪਤੀ ਦਾ ਅੰਮ੍ਰਿਤਸਰ ਜ਼ਿਲਾ ਪੁਲਸ ਨੇ 16 ਜੂਨ 2015 ਨੂੰ ਕਤਲ ਕਰ ਦਿੱਤਾ ਸੀ। ਪੁਲਸ ਵਲੋਂ ਉਸਦੀ ਕਾਰ 'ਤੇ ਗੋਲੀਆਂ ਚਲਾ ਕੇ ਮਾਰਿਆ ਗਿਆ ਸੀ। ਕੋਰਟ ਨੂੰ ਦੱਸਿਆ ਗਿਆ ਕਿ ਮ੍ਰਿਤਕ 'ਤੇ 23 ਗੋਲੀਆਂ ਦੀਆਂ ਸੱਟਾਂ ਸਨ। ਤਤਕਾਲੀਨ ਡਿਪਟੀ ਚੀਫ ਮਨਿਸਟਰ-ਕਮ-ਹੋਮ ਮਨਿਸਟਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਤੇ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਸੀ। ਸਰਕਾਰ ਵਲੋਂ 5 ਲੱਖ ਦਾ ਚੈੱਕ ਜਾਰੀ ਕੀਤਾ ਗਿਆ ਸੀ ਜਿਸ ਨੂੰ ਨਾਕਾਫੀ ਦੱਸਿਆ ਗਿਆ ਸੀ।