ਰੋਜ਼ਗਾਰ ਦੀ ਮੰਗ ਨੂੰ ਲੈ ਕੇ ਬੈਰਾਜ ਔਸਤੀ ਕਮੇਟੀ ਦੇ 2 ਬਜ਼ੁਰਗ 150 ਫੁੱਟ ਉੱਚੇ ਟਾਵਰ ’ਤੇ ਚੜ੍ਹੇ
Tuesday, Mar 30, 2021 - 02:01 PM (IST)
ਪਠਾਨਕੋਟ (ਜਸਪ੍ਰੀਤ): ਅੱਜ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ 2 ਬਜ਼ੁਰਗ ਜਿਨ੍ਹਾਂ ’ਚੋਂ ਸ਼ਰਮ ਸਿੰਘ (86) ਅਤੇ ਕੁਲਵਿੰਦਰ ਸਿੰਘ (67) ਡੇਢ ਸੌ ਫੁੱਟ ਉੱਚੇ ਮੋਬਾਇਲ ਟਾਵਰ ’ਤੇ ਚੜ੍ਹ ਗਏ। ਇਹ ਵੀ ਦੱਸਣਯੋਗ ਹੈ ਕਿ ਇਹ ਲੋਕ ਆਪਣੀ ਹੀ ਜ਼ਮੀਨ ਦੇ ਬਦਲੇ ’ਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ 70 ਦਿਨਾਂ ਤੋਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਮੁੱਖ ਚੀਫ਼ ਇੰਜੀਨੀਅਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਸਨ। ਉਨ੍ਹਾਂ ਦੀ ਕੋਈ ਸੁਣਵਾਈ ਨਾ ਹੁੰਦੇ ਦੇਖ ਅੱਜ ਸਵੇਰੇ ਮਜ਼ਬੂਰਨ ਉਨ੍ਹਾਂ ਨੂੰ ਟਾਵਰ ’ਤੇ ਚੜ੍ਹਨਾ ਪਿਆ।
ਇਸ ਘਟਨਾ ਦੇ ਬਾਅਦ ਪੁਲਸ ਪ੍ਰਸ਼ਾਸਨ ਪੋਸਕੋ ਸਿਕਓਰਟੀ ਫੋਰਸ ਅਤੇ ਬੰਨ੍ਹ ਅਧਿਕਾਰੀਆਂ ’ਚ ਭੱਜਦੌੜ ਮਚ ਗਈ ਹੈ। ਉੱਥੇ ਕਮੇਟੀ ਪ੍ਰਧਾਨ ਦਿਆਲ ਸਿੰਘ ਨੇ ਕਿਹਾ ਕਿ ਉਹ ਲੋਕ ਪਿਛਲੇ 60 ਦਿਨਾਂ ਤੋਂ ਸ਼ਾਂਤੀ ਪੂਰਵਕ ਧਰਨੇ ’ਤੇ ਬੈਠੇ ਹੋਏ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ, ਜਿਸ ਦੇ ਚੱਲਦੇ ਅੱਜ ਉਨ੍ਹਾਂ ਨੂੰ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ ਅਤੇ ਜਦੋਂ ਤੱਕ ਸਾਨੂੰ ਰੋਜ਼ਗਾਰ ਨਹੀਂ ਮਿਲਦਾ ਉਸ ਸਮੇਂ ਤੱਕ ਉਹ ਲੋਕ ਟਾਵਰ ਤੋਂ ਹੇਠਾਂ ਨਹੀਂ ਉਤਰਣਗੇ ਅਤੇ ਜੇਕਰ ਦੋਵਾਂ ’ਚੋਂ ਕਿਸੇ ਨੂੰ ਵੀ ਕੁੱਝ ਹੁੰਦਾ ਹੈ ਤਾਂ ਉਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।