ਨਸ਼ੇ ’ਚ ਧੁੱਤ ਜ਼ਮੀਨ ’ਤੇ ਪਏ ਦੋ ਮੁਲਾਜ਼ਮਾਂ ਦੀ ਲੋਕਾਂ ਨੇ ਬਣਾਈ ਵੀਡੀਓ

07/28/2018 6:26:54 AM

ਜਲੰਧਰ, (ਮਹੇਸ਼)– ਸ਼ੁੱਕਰਵਾਰ ਨੂੰ ਪੰਜਾਬ ਪੁਲਸ ਦਾ ਉਸ ਵੇਲੇ ਖੂਬ ਮਜ਼ਾਕ ਉਡਿਆ, ਜਦ  ਨਸ਼ੇ ’ਚ ਧੁੱਤ ਪੀ. ਏ. ਪੀ. ਦੇ 2 ਮੁਲਾਜ਼ਮਾਂ ਵਲੋਂ ਰਾਮਾ ਮੰਡੀ ਚੌਕ ’ਚ ਹੰਗਾਮਾ ਕੀਤਾ  ਜਾ ਰਿਹਾ ਸੀ। ਜਾਂਚ ਕਰਨ ’ਤੇ ਪਤਾ ਚਲਿਆ ਕਿ ਦੋਵੇਂ ਮੁਲਾਜ਼ਮ ਪੀ. ਏ. ਪੀ. ਦੀ 75  ਬਟਾਲੀਅਨ ’ਚ ਤਾਇਨਾਤ ਸਨ। ਜਦੋਂ ਦੋਵੇਂ ਪੁਲਸ ਮੁਲਾਜ਼ਮ ਨਸ਼ੇ ’ਚ  ਹੁੜਦੰਗ ਮਚਾ ਰਹੇ ਸਨ  ਤਾਂ ਲੋਕਾਂ ਨੇ ਇਸ ਦੀ ਸੂਚਨਾ ਕੰਟਰੋਲ ਰੂਮ ’ਤੇ  ਦਿੱਤੀ, ਜਿਸ ਦੇ ਬਾਅਦ ਏ. ਅੈੱਸ. ਆਈ.  ਸੁਖਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਮੌਕੇ ’ਤੇ ਪੁੱਜੀ ਅਤੇ ਦੋਵਾਂ ਨੂੰ ਗੱਡੀ ’ਚ ਬਿਠਾ ਕੇ ਲੈ ਗਈ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਪੀ. ਸੀ. ਆਰ. ਮੁਲਾਜ਼ਮਾਂ ਨੂੰ  ਉਨ੍ਹਾਂ ਦੇ ਉਪਰ ਪਾਣੀ ਪਾ ਕੇ ਉਨ੍ਹਾਂ ਨੂੰ ਜ਼ਮੀਨ ਤੋਂ ਉਠਾਉਣਾ ਪਿਆ।  ਥਾਣਾ ਛਾਉਣੀ ਦੇ  ਅਧੀਨ ਪੈਂਦੇ ਉਪਰੋਕਤ ਖੇਤਰ ’ਚ ਨਸ਼ੇ ’ਚ ਧੁੱਤ ਮਿਲੇ ਪੁਲਸ ਮੁਲਾਜ਼ਮਾਂ ਦੀ ਪਛਾਣ ਨਿੱਝਰ  ਸਿੰਘ ਅਤੇ ਮਨੋਜ ਕੁਮਾਰ ਦੇ ਰੂਪ ’ਚ ਹੋਈ ਹੈ। ਇਕ ਮੁਲਾਜ਼ਮ ਵਰ੍ਹਦੀ ’ਚ ਸੀ ਤੇ ਦੂਜਾ  ਸਿਵਲ ਕਪੜਿਅਾਂ ’ਚ। ਪੀ. ਸੀ. ਆਰ. ਟੀਮ ਨੇ ਦੋਵਾਂ ਦੀ ਨੌਕਰੀ ਨੂੰ ਖਤਰੇ ’ਚ ਦੇਖਦੇ  ਹੋਏ ਉਨ੍ਹਾਂ ’ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ’ਚ ਛੱਡ  ਦਿੱਤਾ। 
ਪਤਾ ਇਹ ਵੀ ਚਲਿਆ ਹੈ ਕਿ ਜਦੋਂ ਇਹ ਦੋਵੇਂ ਨਸ਼ੇ ’ਚ ਢਾਬੇ ਦੇ ਬਾਹਰ  ਵਾਰ-ਵਾਰ ਡਿੱਗ ਰਹੇ ਸਨ ਤੇ ਉਨ੍ਹਾਂ ਦੀਅਾਂ ਹਰਕਤਾਂ ਨੂੰ ਦੇਖ ਕੇ ਉਥੇ ਨਿਕਲ ਰਹੇ ਲੋਕਾਂ  ਨੇ ਆਪਣੇ ਮੋਬਾਇਲਾਂ ’ਚ ਵੀਡੀਓ ਵੀ ਬਣਾਈ। ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਇਹ ਕਹਿ  ਰਹੇ ਸਨ ਕਿ ਇਹ ਹਾਲ ਹੈ ਪੰਜਾਬ ਪੁਲਸ ਦਾ।


Related News