ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਨਾਰਾਜ਼ ਕਰਮਚਾਰੀ ਚੌਧਰੀ ਨੂੰ ''ਲਾਲੀਪਾਪ'' ਦੇਣ ਪਹੁੰਚੇ
Friday, May 03, 2019 - 10:11 AM (IST)

ਜਲੰਧਰ (ਚੋਪੜਾ) - ਕਾਂਗਰਸੀ ਉਮੀਦਵਾਰ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਸਿਤਾਰੇ ਪੂਰੇ ਗਰਦਿਸ਼ 'ਚ ਹਨ, ਜਿਸ ਕਾਰਨ ਉਨ੍ਹਾਂ ਦੇ ਵਿਰੋਧ ਦਾ ਸਿਲਸਿਲਾ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਕਰਮਚਾਰੀ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਤੋਖ ਚੌਧਰੀ ਦੇ ਘਰ ਦਾ ਘਿਰਾਓ ਕੀਤਾ। ਇਸ ਦੌਰਾਨ ਚੌਧਰੀ ਪ੍ਰਚਾਰ ਲਈ ਆਪਣੀ ਗੱਡੀ 'ਚ ਰਵਾਨਾ ਹੋਣ ਹੀ ਵਾਲੇ ਸਨ ਕਿ ਦੂਜੇ ਪਾਸਿਓਂ ਪ੍ਰਦਰਸ਼ਨ ਕਰਦੇ ਆ ਰਹੇ ਕਰਮਚਾਰੀਆਂ ਨੇ ਉਨ੍ਹਾਂ ਦੇ ਵਾਹਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਦਿਆਂ ਮੁਲਾਕਾਤ ਕਰਨੀ ਚਾਹੀ। ਪ੍ਰਦਰਸ਼ਨਕਾਰੀਆਂ ਨੇ ਸੰਤੋਖ ਚੌਧਰੀ ਨੂੰ 'ਲਾਲੀਪਾਪ' ਭੇਟ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ, ਜਿਨ੍ਹਾਂ ਨੂੰ ਕਾਬੂ ਕਰਨ ਨੂੰ ਚੌਧਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਧੱਕਾ-ਮੁੱਕੀ ਕਰਦਿਆਂ ਹੱਥੋਪਾਈ ਕੀਤੀ।
ਪ੍ਰਦਰਸ਼ਨ ਤੋਂ ਹੜਬੜਾਏ ਚੌਧਰੀ ਪ੍ਰਦਰਸ਼ਨਕਾਰੀਆਂ ਨੂੰ ਮਿਲ ਕੇ ਉਨ੍ਹਾਂ ਦਾ ਰੋਸ ਸ਼ਾਂਤ ਕਰਨ ਦੀ ਥਾਂ ਘਰ ਚਲੇ ਗਏ ਤੇ ਮੁੱਖ ਗੇਟ ਨੂੰ ਬੰਦ ਕਰਵਾ ਦਿੱਤਾ ਅਤੇ ਗੁੱਸੇ 'ਚ ਆਏ ਕਰਮਚਾਰੀ ਉਨ੍ਹਾਂ ਦੇ ਘਰ ਬਾਹਰ ਧਰਨਾ ਲਾ ਕੇ ਬੈਠ ਗਏ। ਇਸ ਮੌਕੇ ਉਨ੍ਹਾਂ ਕੈ. ਅਮਰਿੰਦਰ ਸਰਕਾਰ ਤੇ ਸੰਤੋਖ ਚੌਧਰੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।ਚੰਦਨ ਗਰੇਵਾਲ, ਆਸ਼ੀਸ਼ ਜੁਲਾਹਾ ਆਦਿ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਪਰੰਤ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਅੱਜ 2 ਸਾਲਾਂ ਤੋਂ ਬਾਅਦ ਕੈ. ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਿਰਫ ਲਾਲੀਪਾਪ ਹੀ ਥਮ੍ਹਾਏ ਹਨ ਤੇ ਝੂਠੇ ਭਰੋਸੇ ਹੀ ਦਿੱਤੇ ਜਾਂਦੇ ਰਹੇ ਹਨ। ਸੰਤੋਖ ਚੌਧਰੀ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਆਪਣੇ ਕਰਮਚਾਰੀਆਂ ਕੋਲੋਂ ਉਨ੍ਹਾਂ ਨਾਲ ਦੁਰਵਿਹਾਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ 'ਚ ਸਰਕਾਰ ਨੂੰ ਹਰੇਕ ਫਰੰਟ 'ਤੇ ਘੇਰਦੇ ਹੋਏ ਵਿਰੋਧ ਦੇ ਸਿਲਸਿਲੇ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੈ. ਅਮਰਿੰਦਰ ਸਰਕਾਰ ਦੀ ਜਿੱਦ ਨਾ ਟੁੱਟ ਜਾਵੇ। ਉਥੇ ਕਾਫੀ ਸਮੇਂ ਉਪਰੰਤ ਗੰਨਮੈਨਾਂ ਦੇ ਸਾਏ 'ਚ ਬਾਹਰ ਨਿਕਲੇ ਸੰਤੋਖ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਰਮਚਾਰੀਆਂ ਦਾ ਮੰਗ-ਪੱਤਰ ਲੈ ਲਿਆ ਹੈ ਤੇ ਉਨ੍ਹਾਂ ਦੀਆਂ ਮੰਗਾਂ ਦੇ ਸਬੰਧ 'ਚ ਹਾਈਕਮਾਨ ਨਾਲ ਗੱਲ ਕਰਨਗੇ।