ਤੀਜੇ ਦਿਨ ਵੀ ਪੰਜਾਬ ਭਰ ''ਚ ਮੁਲਾਜ਼ਮਾਂ ਨੇ ਦਫ਼ਤਰੀ ਕੰਮ ਠੱਪ ਰੱਖਿਆ

10/22/2019 1:50:33 PM

ਚੰਡੀਗੜ੍ਹ (ਭੁੱਲਰ) : ਪੰਜਾਬ ਭਰ ਦੇ ਮੁਲਾਜ਼ਮਾਂ ਵਲੋਂ ਤੀਜੇ ਦਿਨ ਵੀ ਮੰਗਾਂ ਨੂੰ ਲੈ ਕੇ ਦਫ਼ਤਰੀ ਕੰਮਕਾਰ ਠੱਪ ਰੱਖਿਆ ਗਿਆ। ਸਾਂਝੇ ਮੁਲਾਜ਼ਮ ਮੰਚ ਦੇ ਸੱਦੇ 'ਤੇ ਚੱਲ ਰਹੀ ਕਲਮਛੋੜ ਹੜਤਾਲ ਕਾਰਨ ਰਾਜ ਭਰ ਦੇ ਡਿਪਟੀ ਕਮਿਸ਼ਨਰ ਤੇ ਤਹਿਸੀਲ ਕੇਂਦਰਾਂ 'ਤੇ ਦਫ਼ਤਰੀ ਕੰਮਕਾਰ ਪ੍ਰਭਾਵਿਤ ਹੋਇਆ। ਚੰਡੀਗੜ੍ਹ 'ਚ ਵੀ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਕੰਮ ਠੱਪ ਰਿਹਾ ਅਤੇ ਸਿਵਲ ਸਕੱਤਰੇਤ ਦੇ ਮੁਲਾਜ਼ਮ ਵੀ ਕਲਮਛੋੜ ਹੜਤਾਲ 'ਤੇ ਚੱਲ ਰਹੇ ਹਨ। ਸਕੱਤਰੇਤ ਸਟਾਫ਼ ਵਲੋਂ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਮੁਲਾਜ਼ਮ ਮੰਚ ਵਲੋਂ ਅਗਲੇ ਐਕਸ਼ਨ ਦਾ ਐਲਾਨ ਕਰਦਿਆਂ ਕਾਲੀ ਦੀਵਾਲੀ ਮਨਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣਾਂ ਕਾਰਨ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਗਏ ਪਰ ਕਈ ਮੀਟਿੰਗਾਂ ਬੇਨਤੀਜਾ ਹੀ ਸਾਬਿਤ ਹੋਈਆਂ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਹੁਣ ਉਹ ਸਰਕਾਰ ਦੇ ਫੋਕੇ ਭਰੋਸਿਆਂ 'ਤੇ ਯਕੀਨ ਨਹੀਂ ਕਰ ਸਕਦੇ ਤੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਹੀ ਅੰਦੋਲਨ ਖਤਮ ਕਰਨਗੇ। ਮੁਲਾਜ਼ਮ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਧਿਕਾਰੀਆਂ ਲਈ ਤਾਂ ਖਜ਼ਾਨਾ ਭਰਿਆ ਹੈ, ਪਰ ਮੁਲਾਜ਼ਮਾਂ ਦੀਆਂ ਬਕਾਇਆ ਡੀ. ਏ. ਕਿਸ਼ਤਾਂ ਅਤੇ ਅਦਾਇਗੀਆਂ ਦੇਣ ਤੋਂ ਸਰਕਾਰ ਫਿਲਹਾਲ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਟਾਲ-ਮਟੋਲ ਕਰ ਰਹੀ ਹੈ। ਕੰਟਰੈਕਟ ਮੁਲਾਜ਼ਮਾਂ ਨੂੰ ਵੀ ਵਾਰ ਵਾਰ ਵਾਅਦਿਆਂ ਦੇ ਬਾਵਜੂਦ ਰੈਗੂਲਰ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮ ਮੰਚ ਦੇ ਪ੍ਰਮੁੱਖ ਆਗੂਆਂ ਸੁਖਚੈਨ ਸਿੰਘ ਖਹਿਰਾ ਤੇ ਗੁਰਮੇਲ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਸਬੰਧੀ ਮੰਤਰੀ ਮੰਡਲ ਦੀ ਸਬ ਕਮੇਟੀ ਦੀ ਕਾਰਗੁਜ਼ਾਰੀ 'ਤੇ ਵੀ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਗੱਲਬਾਤ ਰਾਹੀਂ ਪੈਂਡਿੰਗ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ।

 


Anuradha

Content Editor

Related News