ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੈਪਟਨ ਸਰਕਾਰ ਦੇ ਚੋਣ ਮੈਨੀਫੈਸਟੋ ਦੀਆਂ ਸਾੜੀਆਂ ਕਾਪੀਆਂ

Friday, May 03, 2019 - 05:23 PM (IST)

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੈਪਟਨ ਸਰਕਾਰ ਦੇ ਚੋਣ ਮੈਨੀਫੈਸਟੋ ਦੀਆਂ ਸਾੜੀਆਂ ਕਾਪੀਆਂ

ਫਿਰੋਜ਼ਪੁਰ (ਸੰਨੀ, ਕੁਮਾਰ) - ਫਿਰੋਜ਼ਪੁਰ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰ ਕਮੇਟੀ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੇ ਬੈਨਰ ਹੇਠ ਕੈਪਟਨ ਸਰਕਾਰ ਵਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਭੁੱਖ ਹੜਤਾਲ ਕਰਨ ਉਪਰੰਤ ਜ਼ਿਲਾ ਪੱਧਰ 'ਤੇ ਸਾਥੀ ਰਾਮ ਪ੍ਰਸ਼ਾਦ, ਗੁਰਦਾਸ ਮੱਲ, ਸੰਤ ਰਾਮ, ਪ੍ਰਵੀਨ ਕੁਮਾਰ, ਮਲਕੀਤ ਚੰਦ ਪਾਸੀ, ਕੰਵਲਜੀਤ ਸ਼ਰਮਾ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।

ਉਨ੍ਹਾਂ ਫਿਰੋਜਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਪੀ.ਏ. ਸੁਰਜੀਤ ਸਿੰਘ ਸੇਠੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਸੌਂਪਿਆ। ਉਨ੍ਹਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, 6ਵੇਂ ਪੇ-ਕਮਿਸ਼ਨ ਨੂੰ ਲਾਗੂ ਕਰਨ, 125 ਫੀਸਦੀ ਮਹਿਗਾਈ ਭੱਤੇ ਨੂੰ ਬੇਸਿਕ ਤਨਖਾਹ 'ਚ ਮਰਜ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਮਹਿੰਗਾਈ ਭੱਤਾ ਜਾਰੀ ਕਰਨ, ਘੱਟੋ ਘੱਟ ਉਜਰਤ ਲਾਗੂ ਕਰਨ, ਟਰਾਂਸਪੋਰਟ ਬਿਜਲੀ ਵਿਭਾਗ ਅਤੇ ਹੋਰ ਸਰਕਾਰੀ ਅਦਾਰਿਆ ਦਾ ਨਿੱਜੀ ਕਰਨ ਬੰਦ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਆਗੂਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਲਦ ਨਹੀ ਮੰਨੀਆਂ ਗਈਆਂ ਤੇ ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕੇ ਨਹੀ ਕੀਤਾ ਗਿਆ ਤਾਂ ਉਹ ਸੂਬੇ ਦੇ ਦਫਤਰਾਂ ਦਾ ਕੰਮਕਾਜ ਠੱਪ ਕਰਕੇ ਸੜਕਾਂ ਅਤੇ ਬੱਸ ਅੱਡੇ ਜਾਮ ਕੀਤੇ ਜਾਣਗੇ ਅਤੇ ਚੋਣ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ।


author

rajwinder kaur

Content Editor

Related News