ਰਾਜਧਾਨੀ 'ਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਅੱਜ ਲਾਗੂ ਹੋਵੇਗੀ ਐਮਰਜੈਂਸੀ (ਪੜ੍ਹੋ 15 ਅਕਤੂਬਰ ਦੀਆਂ ਖਾਸ ਖਬਰਾਂ)
Monday, Oct 15, 2018 - 03:25 AM (IST)

ਜਲੰਧਰ—ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਡੀ.) ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸੋਮਵਾਰ ਤੋਂ ਐਮਰਜੈਂਸੀ ਕਾਰਜ ਯੋਜਨਾ ਲਾਗੂ ਕੀਤੀ ਜਾਵੇਗੀ। ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ ਵਿਚ ਜਾਣ ਦਾ ਸੰਕੇਤ ਮਿਲਣ ਦਰਮਿਆਨ ਵੱਖ-ਵੱਖ ਕਦਮ ਉਠਾਏ ਜਾਣ ਦੀ ਯੋਜਨਾ ਹੈ। ਐਮਰਜੈਂਸੀ ਯੋਜਨਾ ਯਾਨੀ ਸ਼੍ਰੇਣੀਬੱਧ ਪ੍ਰਤੀਕਿਰਿਆ ਕਾਰਜ ਯੋਜਨਾ ਤਹਿਤ ਸ਼ਹਿਰ ਵਿਚ ਹਵਾ ਗੁਣਵੱਤਾ ਦੇ ਆਧਾਰ 'ਤੇ ਸਖਤ ਕਦਮ ਉਠਾਏ ਜਾਂਦੇ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਦਰਮਿਆਨੇ ਤੋਂ ਖਰਾਬ ਸ਼੍ਰੇਣੀ ਵਿਚ ਹਵਾ ਗੁਣਵੱਤਾ ਹੋਣ 'ਤੇ ਕਚਰਾ ਸੁੱਟਣ ਵਾਲੀਆਂ ਥਾਵਾਂ 'ਤੇ ਕਚਰਾ ਸਾੜਨ ਤੋਂ ਰੋਕ ਦਿੱਤਾ ਜਾਂਦਾ ਹੈ ਅਤੇ ਇੱਟ ਭੱਠੀ ਤੇ ਉਦਯੋਗਾਂ ਵਿਚ ਪ੍ਰਦੂਸ਼ਣ ਕੰਟਰੋਲ ਦੇ ਸਾਰੇ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਹੈ।
ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅੱਜ ਮਿਲੇਗੀ ਝੋਨੇ ਦੀ ਪੇਮੈਂਟ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਮਨਜ਼ੂਰੀ ਪਿੱਛੋਂ ਸਰਕਾਰ ਅੱਜ ਤੋਂ ਕਿਸਾਨਾਂ ਨੂੰ ਫਸਲ ਖਰੀਦ ਦਾ ਭੁਗਤਾਨ ਸ਼ੁਰੂ ਕਰ ਦੇਵੇਗੀ। ਆਰ. ਬੀ. ਆਈ. ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਸਾਉਣੀ ਫਸਲ ਖਰੀਦਣ ਲਈ 29,695.40 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀ. ਸੀ. ਐੱਲ.) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਧਿਆਪਕ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਖ਼ਿਲਾਫ਼ ਕਾਲਾ ਹਫ਼ਤਾ ਅੱਜ ਤੋਂ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 8886 ਐੱਸ. ਐੱਸ.ਏ. ਰਮਸਾ ਤੇ ਆਦਰਸ਼ ਮਾਡਲ ਅਧਿਆਪਕਾਂ ਸਮੇਤ ਸਭਨਾਂ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਨਾਲ ਰੈਗੂਲਰ ਕਰਵਾਉਣ ਲਈ ਤੇ ਹੋਰਨਾਂ ਅਧਿਆਪਕ ਮੰਗਾਂ ਦੀ ਪੂਰਤੀ ਲਈ ਅਧਿਆਪਕ ਸੰਘਰਸ਼ ਨੂੰ ਅੱਗੇ ਤੋਰਦਿਆਂ 15 ਅਕਤੂਬਰ ਤੋਂ 21 ਅਕਤੂਬਰ ਤੱਕ ਕਾਲਾ ਹਫਤਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਘਿਰਾਓ ਅੱਜ
ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਨੇ ਦੱਸਿਆ ਕਿ ਕੱਚੇ ਕਾਮੇ ਪੱਕੇ ਕਰਾਉਣ ਅਤੇ ਹੋਰ ਮੰਗਾਂ ਲਈ ਅੱਜ ਨੂੰ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਹਿਰ ਨਾਭੇ ਵਿਖੇ ਰੋਸ ਮਾਰਚ ਕਰਕੇ ਉਸ ਦਾ ਘਿਰਾਓ ਕੀਤਾ ਜਾਵੇਗਾ ।
ਦੇਸ਼-ਵਿਦੇਸ਼ ਦੀਅਾਂ ਪੈਟਰੋਲੀਅਮ ਕੰਪਨੀਆਂ ਦੇ ਸੀ. ਈ. ਓ. ਨਾਲ ਬੈਠਕ ਕਰਨਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲ ਅਤੇ ਗੈਸ ਖੇਤਰ ਦੀਅਾਂ ਕੌਮਾਂਤਰੀ ਅਤੇ ਭਾਰਤੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨਾਲ ਉੱਭਰਦੇ ਊਰਜਾ ਸਨੇਰੀਓ ’ਤੇ ਸਲਾਹ-ਮਸ਼ਵਰੇ ਕਰਨਗੇ।
ਇਸ ਬੈਠਕ ’ਚ ਈਰਾਨ ’ਤੇ ਅਮਰੀਕੀ ਪਾਬੰਦੀਅਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦੀ ਵਜ੍ਹਾ ਨਾਲ ਵਾਧੇ ’ਤੇ ਪੈਣ ਵਾਲੇ ਪ੍ਰਭਾਵਾਂ ’ਤੇ ਚਰਚਾ ਹੋਵੇਗੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਤੀਜੀ ਸਾਲਾਨਾ ਬੈਠਕ ’ਚ ਤੇਲ ਅਤੇ ਗੈਸ ਖੋਜ ਅਤੇ ਉਤਪਾਦਨ ਖੇਤਰ ’ਚ ਨਿਵੇਸ਼ ਆਕਰਸ਼ਿਤ ਕਰਨ ’ਤੇ ਵੀ ਚਰਚਾ ਹੋਵੇਗੀ।
ਅੱਜ ਤੋਂ ਮੱਧ ਪ੍ਰਦੇਸ਼ ਦੇ ਦੋ ਦਿਨ ਦੌਰੇ 'ਤੇ ਜਾਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਦਿਨਾਂ ਦੌਰੇ 'ਤੇ 15 ਅਤੇ 16 ਅਕਤੂਬਰ ਨੂੰ ਮੱਧ ਪ੍ਰਦੇਸ਼ ਆਉਣਗੇ। ਰਾਹੁਲ ਆਪਣੀ ਇਸ ਯਾਤਰਾ ਦੌਰਾਨ ਗਵਾਲੀਅਰ-ਚੰਬਲ ਖੇਤਰ 'ਚ ਆਯੋਜਿਤ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਫਿਰ ਇਸ ਤੋਂ ਬਾਅਦ ਉਹ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਵਿਜੇ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਫੁੱਟਬਾਲ : ਈਰੇਡਿਵਿਸੀ ਡਚ ਲੀਗ-2018
ਫੁੱਟਬਾਲ : ਯੂ. ਈ. ਐੱਫ. ਏ. ਰਾਸ਼ਟਰ ਲੀਗ