ਲੁਧਿਆਣਾ ''ਚ ਖ਼ਰਾਬ ਮੌਸਮ ਕਾਰਨ ਬਿਜਲੀ ਖ਼ਰਾਬ ਹੋਣ ਦੀਆਂ 11 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ
Saturday, Jun 18, 2022 - 02:25 PM (IST)
ਲੁਧਿਆਣਾ (ਸਲੂਜਾ) : ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਖ਼ਪਤਕਾਰਾਂ ਵੱਲੋਂ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ’ਚ 11000 ਤੋਂ ਵੱਧ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ’ਚੋਂ 60 ਫ਼ੀਸਦੀ ਸ਼ਿਕਾਇਤਾਂ ਦਾ ਸ਼ਾਮ 7 ਵਜੇ ਤੱਕ ਨਿਪਟਾਰਾ ਕਰ ਦਿੱਤਾ ਗਿਆ, ਜਦਕਿ 40 ਫ਼ੀਸਦੀ ਸ਼ਿਕਾਇਤਾਂ ਦੇਰ ਰਾਤ ਤੱਕ ਹੱਲ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਆਤਮ ਨਗਰ ਅਤੇ ਜਨਤਾ ਨਗਰ ਆਦਿ ਇਲਾਕਿਆਂ ’ਚ 3 ਟ੍ਰਾਂਸਫਾਰਮਰ ਖ਼ਰਾਬ ਹੋ ਗਏ। ਮੁਲਾਜ਼ਮ ਉਨ੍ਹਾਂ ਨੂੰ ਠੀਕ ਕਰਨ ’ਚ ਲੱਗੇ ਹੋਏ ਸਨ। ਲੁਧਿਆਣਾ ਦੇ 250 ਤੋਂ ਵੱਧ ਇਲਾਕਿਆਂ ’ਚ 3 ਤੋਂ 4 ਘੰਟੇ ਦੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਥਾਨਕ ਸ਼ਹਿਰ ਦੇ ਕਈ ਅਜਿਹੇ ਇਲਾਕਿਆਂ ’ਚ ਬਿਜਲੀ ਬੰਦ ਹੋਣ ਦੀਆਂ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੀਤੀ ਰਾਤ ਬੰਦ ਹੋਈ ਬਿਜਲੀ ਰਾਤ ਢੱਲਣ ਤੱਕ ਵੀ ਨਹੀਂ ਆਈ। ਖ਼ਪਤਕਾਰਾਂ ਵਲੋਂ ਇਹ ਵੀ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਵਿਭਾਗ ਦਾ ਨੰਬਰ 1912 ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਉਪਲੱਬਧ ਨਹੀਂ ਹੈ। ਸ਼ਿਕਾਇਤ ਦਰਜ ਹੋਣ ’ਤੇ ਵੀ ਸ਼ਿਕਾਇਤ ਦਾ ਨਿਬੇੜਾ ਕੀਤੇ ਬਿਨਾਂ ਵਿਭਾਗ ਵਲੋਂ ਉਨ੍ਹਾਂ ਨੂੰ ਸੰਦੇਸ਼ ਭੇਜਿਆ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਦਾ ਨਿਬੇੜਾ ਕਰ ਦਿੱਤਾ ਗਿਆ ਹੈ, ਜਦੋਂਕਿ ਅਸਲ ’ਚ ਸ਼ਿਕਾਇਤ ਪੈਂਡਿੰਗ ਹੈ, ਜਿਸ ਨਾਲ ਉਨ੍ਹਾਂ ਲਈ ਮੁਸੀਬਤ ਹੋਰ ਵੀ ਵੱਧ ਜਾਂਦੀ ਹੈ।