ਚੋਣਾਂ ਦੇ ਮੱਦੇਨਜ਼ਰ ਚੈਕਿੰਗ ਤੇਜ਼, ਹੁਣ ਤੱਕ ਵੱਡੀ ਮਾਤਰਾ ''ਚ ਸ਼ਰਾਬ ਤੇ ਨਸ਼ਾ ਬਰਾਮਦ
Monday, Apr 29, 2019 - 04:28 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲੇ 'ਚ ਪੁਲਸ ਵਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁਣ ਤੱਕ ਕੀਤੀ ਗਈ ਕਾਰਵਾਈ ਤਹਿਤ 8809. 50 ਲੀਟਰ ਸ਼ਰਾਬ ਅਤੇ 1960 ਲੀਟਰ ਲਾਹਣ ਬਰਾਮਦ ਕਰਕੇ 22 ਪਰਚੇ ਦਰਜ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਨੋਡਲ ਅਫ਼ਸਰ-ਕਮ-ਐੱਸ.ਪੀ. (ਐੱਚ) ਹਰੀਸ਼ ਦਿਆਮਾ ਆਈ.ਪੀ.ਐੱਸ. ਨੇ ਅੱਜ ਇੱਥੇ ਦੱਸਿਆ ਕਿ ਸ਼ਰਾਬ ਤੋਂ ਇਲਾਵਾ ਨਸ਼ਿਆਂ ਦੀ ਬਰਾਮਦਗੀ ਦੇ ਦਰਜ ਕੀਤੇ ਗਏ 49 ਮਾਮਲਿਆਂ 'ਚ 1089.5 ਗ੍ਰਾਂਮ ਹੈਰੋਇਨ, 2.4 ਕਿਲੋਗ੍ਰਾਮ ਅਫ਼ੀਮ, 114 ਕਿਲੋਗ੍ਰਾਮ ਚੂਰਾ-ਪੋਸਤ, 180 ਗ੍ਰਾਂਮ ਗਾਂਜਾ ਅਤੇ 11 ਗ੍ਰਾਂਮ ਚਰਸ ਤੋਂ ਇਲਾਵਾ 1768 ਨਸ਼ੇ ਵਾਲੇ ਟੀਕੇ, 20 ਗ੍ਰਾਂਮ ਨਸ਼ੀਲਾ ਪਾਊਡਰ, 330 ਕੈਪਸੂਲ ਅਤੇ 195 ਗੋਲੀਆਂ ਕਾਬੂ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲਾ ਪੁਲਸ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ 'ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 934 ਨਾਕੇ ਲਾਏ ਗਏ ਹਨ, ਜਿਨ੍ਹਾਂ 'ਤੇ ਉਕਤ ਬਰਾਮਦਗੀਆਂ ਕਰਨ 'ਚ ਸਫ਼ਲਤਾ ਮਿਲੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ 8.10 ਲੱਖ ਰੁਪਏ ਦੀ ਨਗਦੀ ਕਾਬੂ ਕੀਤੀ ਗਈ, ਜਿਸ 'ਚੋਂ 3.10 ਲੱਖ ਰੁਪਏ ਲੋੜੀਂਦੇ ਦਸਤਾਵੇਜ਼ ਦਿਖਾਉਣ ਬਾਅਦ ਛੱਡ ਦਿੱਤੇ ਗਏ। ਇਸ ਤੋਂ ਇਲਾਵਾ 2 ਦੇਸੀ ਕੱਟੇ ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ। ਇਹ ਦੇਸੀ ਕੱਟੇ 315 ਬੋਰ ਦੇ ਅਤੇ ਪਿਸਤੌਲ 32 ਬੋਰ ਦਾ ਹੈ। ਇਸ ਅਸਲੇ ਨਾਲ 9 ਕਾਰਤੂਸ ਵੀ ਬਰਾਮਦ ਕੀਤੇ ਗਏ। ਦਿਆਮਾ ਨੇ ਦੱਸਿਆ ਕਿ ਐੱਸ.ਐੱਸ.ਪੀ. ਅਲਕਾ ਮੀਨਾ ਆਈ.ਪੀ.ਐੱਸ. ਦੀ ਅਗਵਾਈ 'ਚ ਜ਼ਿਲੇ 'ਚ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ ਤਾਂ ਜੋ ਚੋਣਾਂ ਦੌਰਾਨ ਨਸ਼ਿਆਂ ਜਾਂ ਕਿਸੇ ਹੋਰ ਲਾਲਚ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਸਟੇਸ਼ਨ ਪੱਧਰ 'ਤੇ ਫਲਾਇੰਗ ਸਕੂਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਜ਼ਿਲਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਥਾਪਿਤ ਕੀਤੀਆਂ ਗਈਆਂ ਹਨ, ਜੋ ਕਿ ਵਾਹਨਾਂ ਦੀ ਨਿਰੰਤਰ ਚੈਕਿੰਗ ਕਰ ਰਹੀਆਂ ਹਨ।