ਕੋਵਿਡ-19 ਕਾਰਨ ਭਾਰਤੀ ਚੋਣ ਕਮਿਸ਼ਨ ਨੇ ਲਿਆ ਅਹਿਮ ਫ਼ੈਸਲਾ, ਘਟਾਈ ਸਟਾਰ ਪ੍ਰਚਾਰਕਾਂ ਦੀ ਗਿਣਤੀ
Thursday, Oct 08, 2020 - 06:20 PM (IST)
ਚੰਡੀਗੜ੍ਹ— ਕੋਵਿਡ-19 ਦੀ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨਸਭਾ ਅਤੇ ਹੋਰ ਚੱਲ ਰਹੀਆਂ ਜਾਂ ਨੇੜਲੇ ਭਵਿੱਖ 'ਚ ਹੋਣ ਵਾਲੀਆਂ ਚੋਣਾਂ ਦੌਰਾਨ ਸਟਾਰ ਪ੍ਰਚਾਰਕਾਂ ਦੀਆਂ ਫੇਰੀਆਂ ਸਬੰਧੀ ਸੋਧੇ ਨਿਯਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਭਾਰਤੀ ਚੋਣ ਕਮਿਸ਼ਨ ਨੇ ਅੱਜ ਰਾਸ਼ਟਰੀ/ਸੂਬਾਈ ਰਾਜਨੀਤਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ ਘਟਾ ਦਿੱਤੀ ਹੈ। ਪਹਿਲਾਂ ਰਾਸ਼ਟਰੀ/ਸੂਬਾਈ ਰਾਜਨੀਤਕ ਪਾਰਟੀਆਂ ਲਈ 40 ਸਟਾਰ ਪ੍ਰਚਾਰਕ ਪ੍ਰਚਾਰ ਕਰ ਸਕਦੇ ਸਨ ਪਰ ਵਾਇਰਸ ਫੈਲਣ ਦੇ ਸੰਭਾਵੀ ਖ਼ਤਰੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਗਿਣਤੀ ਘਟਾ ਕੇ 30 ਕਰ ਦਿੱਤੀ ਗਈ ਹੈ। ਇਸ ਫ਼ੈਸਲਾ ਇਸ ਕਰਕੇ ਲਿਆ ਗਿਆ ਹੈ ਕਿ ਇਸ ਸੰਕਟਕਾਲੀ ਦੌਰ 'ਚ ਸਿਹਤ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ: ਪਤੀ ਤੇ ਸੱਸ ਦੀ ਘਟੀਆ ਕਰਤੂਤ, ਦਾਜ ਖਾਤਿਰ ਕੀਤੀ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟਮਾਰ
ਉਨ੍ਹਾਂ ਦੱਸਿਆ ਕਿ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਲਈ ਇਹ ਗਿਣਤੀ 20 ਦੀ ਥਾਂ 15 ਕਰ ਦਿੱਤੀ ਗਈ ਹੈ। ਕਮਿਸ਼ਨ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਮ੍ਹਾ ਕਰਵਾਉਣ ਦੀ ਮਿਆਦ 'ਚ ਵੀ ਸੋਧ ਕੀਤਾ ਹੈ। ਹੁਣ ਨੋਟੀਫੀਕੇਸ਼ਨ ਵਾਲੀ ਮਿਤੀ ਤੋਂ 7-10 ਦਿਨਾਂ ਦੇ ਅੰਦਰ ਇਹ ਸੂਚੀ ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਿਆਸੀ ਪਾਰਟੀਆਂ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਪਹਿਲਾਂ ਹੀ ਜਮ੍ਹਾ ਕਰਵਾ ਦਿੱਤੀ ਹੈ ਉਹ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਸੋਧੀ ਹੋਈ ਸੂਚੀ ਮੁੜ ਜਮ੍ਹਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਕੋਰੋਨਾ ਦੇ ਟੈਸਟਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਟਾਰ ਪ੍ਰਚਾਰਕਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਦੀ ਮਨਜ਼ੂਰੀ ਸਬੰਧੀ ਬੇਨਤੀਆਂ ਪ੍ਰਚਾਰ ਸ਼ੁਰੂ ਹੋਣ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਜ਼ਿਲ੍ਹਾ ਚੋਣ ਅਥਾਰਿਟੀਆਂ ਕੋਲ ਜਮ੍ਹਾ ਕਰਵਾਉਣੀਆਂ ਹੋਣਗੀਆਂ ਤਾਂ ਜੋ ਸਿਹਤ ਸੁਰੱਖਿਆ ਸਬੰਧੀ ਲੋੜੀਂਦੇ ਸਾਰੇ ਸੁਰੱਖਿਆ ਉਪਾਅ ਸਮੇਂ ਸਿਰ ਅਮਲ 'ਚ ਲਿਆਂਦੇ ਜਾ ਸਕਣ।
ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ
ਚੋਣ ਕਮਿਸ਼ਨ ਦਾ ਵਫ਼ਦ ਜੋ ਪੋਲਿੰਗ ਦੀ ਤਿਆਰੀ ਦਾ ਜਾਇਜ਼ਾ ਲੈਣ ਬਿਹਾਰ ਗਿਆ ਸੀ, ਨੂੰ ਸਟਾਰ ਪ੍ਰਚਾਰਕਾਂ ਦੀ ਫੇਰੀ ਦੌਰਾਨ ਵੱਡੇ ਇਕੱਠਾਂ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀ ਅੱਜ ਹੋਈ ਮੀਟਿੰਗ 'ਚ ਇਸ ਮਾਮਲੇ ਨੂੰ ਡੂੰਘਾਈ ਨਾਲ ਵਿਚਾਰਿਆ ਗਿਆ ਹੈ। ਇਸ ਲਾਗ ਦੀ ਬੀਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਾਰੇ ਤੱਥਾਂ ਅਤੇ ਹਾਲਤਾਂ 'ਤੇ ਵਿਚਾਰ ਕਰਨ ਅਤੇ ਸਿਆਸੀ ਦੀਆਂ ਚੋਣ ਮੁਹਿੰਮ ਸਬੰਧੀ ਜ਼ਰੂਰਤਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਤੋਂ ਬਾਅਦ ਕਮਿਸ਼ਨ ਨੇ ਸਟਾਰ ਪ੍ਰਚਾਰਕਾਂ ਬਾਰੇ ਨਿਯਮਾਂ 'ਤੇ ਮੁੜ ਵਿਚਾਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।ਬੁਲਾਰੇ ਨੇ ਅੱਗੇ ਕਿਹਾ ਕਿ ਅਜਿਹੇ ਪ੍ਰਚਾਰਕਾਂ ਵੱਲੋਂ ਚੋਣ ਪ੍ਰਚਾਰ ਕਰਨ 'ਤੇ ਕੀਤੇ ਖਰਚੇ ਨੂੰ ਕਿਸੇ ਵੀ ਉਮੀਦਵਾਰ ਦੇ ਚੋਣ ਖਰਚੇ 'ਚ ਸ਼ਾਮਲ ਕਰਨ ਤੋਂ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ