ਲੋਕ ਸਭਾ ਚੋਣਾਂ: ਭਾਰਤੀ ਚੋਣ ਕਮਿਸ਼ਨ ਨੇ ਵੀਡੀਓ ਕਾਨਫਰੰਸ ਜ਼ਰੀਏ ਅਧਿਕਾਰੀਆਂ ਨੂੰ ਕੀਤਾ ਮੁਸਤੈਦ

05/14/2019 10:33:24 AM

ਜਲੰਧਰ (ਪੁਨੀਤ)—7ਵੇਂ ਪੜਾਅ ਦੀ ਪੋਲਿੰਗ 'ਚ ਸਿਰਫ 6 ਦਿਨ ਦਾ ਸਮਾਂ ਬਚਿਆ ਹੈ, ਜਿਸ ਕਾਰਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੰਜਾਬ ਨੂੰ ਫੋਕਸ ਕੀਤਾ ਜਾ ਰਿਹਾ ਹੈ। ਇਸੇ ਕ੍ਰਮ ਵਿਚ ਕਮਿਸ਼ਨ ਦੇ ਦਿੱਲੀ ਦਫਤਰ ਵੱਲੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਜ਼ਿਲਾ ਚੋਣ ਅਧਿਕਾਰੀਆਂ ਨੂੰ ਮੁਸਤੈਦ ਕਰਦੇ ਹੋਏ ਵੋਟਿੰਗ ਕਰਵਾਉਣ ਸਬੰਧ ਵਿਚ ਵਿਸਤਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਅੱਜ 2 ਵੀਡੀਓ ਕਾਨਫਰੰਸਾਂ ਹੋਈਆਂ, ਇਸ ਵਿਚ ਪਹਿਲੀ ਕਾਨਫਰੰਸ 1 ਘੰਟਾ 45 ਮਿੰਟ ਤਕ ਚੱਲੀ, ਜਿਸ ਵਿਚ ਸੁਵਿਧਾ ਐਪ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸੁਵਿਧਾ ਐਪ ਦੇ ਜ਼ਰੀਏ ਕਾਊਂਟਿੰਗ ਪ੍ਰਕਿਰਿਆ ਨੂੰ ਅਪਡੇਟ ਰੱਖਿਆ ਜਾਵੇਗਾ। ਹਰੇਕ ਰਾਊਂਡ ਦੇ ਨਤੀਜੇ ਕਿਸ ਤਰ੍ਹਾਂ ਨਾਲ ਅਪਡੇਟ ਕੀਤੇ ਜਾਣਗੇ ਇਸ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ। ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਚੋਣਾਂ ਨਾਲ ਸਬੰਧਤ ਡਿਟੇਲ ਵਿਚ ਬ੍ਰੀਫ ਕੀਤਾ।
ਦੂਜੀ ਵੀਡੀਓ ਕਾਨਫਰੰਸ 2 ਘੰਟੇ ਚੱਲੀ, ਜਿਸ ਵਿਚ ਚੋਣਾਂ ਵਿਚ ਮੁਸਤੈਦੀ ਅਪਣਾਉਣ ਅਤੇ ਨਿਰਪੱਖ ਢੰਗ ਨਾਲ ਚੋਣ ਕਰਵਾਉਣ ਦੀ ਟ੍ਰੇਨਿੰਗ ਦਿੱਤੀ ਗਈ। ਡੀ. ਸੀ. ਆਫਿਸ ਵਿਚ ਹੋਈ ਇਸ ਵੀਡੀਓ ਕਾਨਫਰੰਸ ਵਿਚ ਜ਼ਿਲਾ ਸੂਚਨਾ ਅਧਿਕਾਰੀ ਅਮੋਲਕ ਸਿੰਘ ਕਲਸੀ, ਤਹਿਸੀਲਦਾਰ ਚੋਣ ਮਨਜੀਤ ਸਿੰਘ, ਰਾਕੇਸ਼ ਕੁਮਾਰ ਸਣੇ ਵੱਡੀ ਗਿਣਤੀ ਵਿਚ ਅਧਿਕਾਰੀ ਮੌਜੂਦ ਸਨ। ਵੀਡੀਓ ਕਾਨਫਰੰਸ ਪੰਜਾਬ ਦੇ 22 ਸ਼ਹਿਰਾਂ ਦੇ ਨਾਲ-ਨਾਲ ਚੰਡੀਗੜ੍ਹ ਵਿਚ ਕੀਤੀ ਗਈ। ਇਸ ਲਾਈਵ ਕਾਨਫਰੰਸ ਦੇ ਜ਼ਰੀਏ ਅਧਿਕਾਰੀਆਂ ਨੂੰ ਬੇਹੱਦ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਕਾਨਫਰੰਸ ਨੇ ਕੰਮ 'ਚ ਆਸਾਨੀ ਲਿਆਉਣ ਦਾ ਕੰਮ ਬਾਖੂਬੀ ਨਿਭਾਇਆ ਹੈ।
18000 ਪੋਲਿੰਗ ਸਟਾਫ ਦੀਆਂ ਸਹੂਲਤਾਂ ਲਈ ਨੋਡਲ ਅਧਿਕਾਰੀ ਤਾਇਨਾਤ
ਮੀਟਿੰਗਾਂ ਦਾ ਦੌਰ ਤੇਜ਼ ਹੋ ਚੁੱਕਾ ਹੈ, ਇਸੇ ਕ੍ਰਮ ਵਿਚ ਬੀਤੇ ਦਿਨ ਜ਼ਿਲਾ ਚੋਣ ਅਧਿਕਾਰੀ ਵੱਲੋਂ ਏ. ਆਰ. ਓ. (ਅਸਿਸਟੈਂਟ ਰਿਟਰਨਿੰਗ ਆਫੀਸਰ) ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਡੀ. ਸੀ.-ਕਮ-ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪੋਲਿੰਗ ਸਟਾਫ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਨੋਡਲ ਅਧਿਕਾਰੀ ਦੇ ਰੂਪ 'ਚ ਡਿਸਟ੍ਰਿਕ ਰੈਵੇਨਿਊ ਆਫੀਸਰ ਪਿੰਕੀ ਦੇਵੀ ਦੀ ਡਿਊਟੀ ਲਾਈ ਗਈ ਹੈ। ਜ਼ਿਲੇ ਵਿਚ 18000 ਕਰਮਚਾਰੀ ਚੋਣ ਡਿਊਟੀ ਨਿਭਾਅ ਰਹੇ ਹਨ, ਇਨ੍ਹਾਂ ਦੇ ਲਈ ਖਾਣ-ਪੀਣ, ਸਹਾਇਤਾ ਡੈਸਕ, ਰਹਿਣ ਦਾ ਪ੍ਰਬੰਧ ਪੂਰੀ ਦੇਖ-ਰੇਖ ਵਿਚ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਏ। ਉਨ੍ਹਾਂ ਕਿਹਾ ਕਿ ਚੋਣ ਡਿਊਟੀ 'ਤੇ ਕਰਮਚਾਰੀ ਨੂੰ ਪਿਕ ਐਂਡ ਡਰਾਪ ਲਈ ਏ. ਆਰ. ਓ.-ਕਮ-ਆਰ. ਟੀ. ਏ. ਸਕੱਤਰ ਨਯਨ ਜੱਸਲ ਦੀ ਡਿਊਟੀ ਲਾਈ ਹੈ। ਕਿਸੇ ਵੀ ਤਰ੍ਹਾਂ ਦੀ ਟਰਾਂਸਪੋਰਟ ਦੀ ਸਹੂਲਤ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
19 ਉਮੀਦਵਾਰਾਂ ਦੇ ਸ਼ੈਡੋ ਰਜਿਸਟਰ ਦਾ ਅੱਜ ਹੋਵੇਗਾ ਮਿਲਾਨ
ਜਲੰਧਰ ਲੋਕ ਸਭਾ ਸੀਟ ਲਈ 19 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਦੇ ਖਰਚ ਰਜਿਸਟਰ ਨੂੰ ਸ਼ੈਡੋ ਰਜਿਸਟਰ ਦੇ ਨਾਲ 14 ਮਈ ਨੂੰ ਮਿਲਾਇਆ ਜਾਵੇਗਾ। ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਵੇਰੇ 10.30 ਤੋਂ ਸ਼ਾਮ 5 ਵਜੇ ਤਕ ਉਕਤ ਰਜਿਸਟਰ ਚੈੱਕ ਕੀਤੇ ਜਾਣਗੇ। ਇਸ ਵਿਚੋਂ ਅੱਧੇ ਉਮੀਦਵਾਰਾਂ ਦਾ ਰਜਿਸਟਰ ਦੁਪਹਿਰ 1 ਵਜੇ ਤਕ, ਜਦਕਿ ਬਾਕੀ ਦੇ ਉਮੀਦਵਾਰਾਂ ਦਾ ਰਜਿਸਟਰ 2.30 ਤੋਂ ਸ਼ਾਮ 5 ਵਜੇ ਤਕ ਚੈੱਕ ਕੀਤਾ ਜਾਵੇਗਾ। ਪਿਛਲੀ ਵਾਰ ਹੋਈ ਚੈਕਿੰਗ ਵਿਚ 2 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚੋਂ 1 ਉਮੀਦਵਾਰ ਕਸ਼ਮੀਰ ਸਿੰਘ ਨੂੰ ਮਿਲਾਨ ਲਈ ਨਾ ਪਹੁੰਚਣ ਲਈ ਨੋਟਿਸ ਕੱਢਿਆ ਗਿਆ ਸੀ, ਜਦਕਿ ਦੂਜਾ ਨੋਟਿਸ ਅਕਾਲੀ ਉਮੀਦਵਾਰ ਨੂੰ ਕੱਢਿਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਉਮੀਦਵਾਰ ਹਾਜ਼ਰ ਨਹੀਂ ਰਹੇਗਾ ਉਸ ਨੂੰ ਨੋਟਿਸ ਭੇਜ ਕੇ ਕਾਰਨ ਪੁੱਛਿਆ ਜਾਵੇਗਾ। ਚੋਣਾਂ ਵਿਚ 70 ਲੱਖ ਰੁਪਏ ਤੱਕ ਦਾ ਖਰਚ ਉਮੀਦਵਾਰ ਕਰ ਸਕਦਾ ਹੈ, ਇਸ ਦਾ ਪੂਰਾ ਬਿਓਰਾ ਚੋਣ ਅਧਿਕਾਰੀਆਂ ਨੂੰ ਦੇਣਾ ਹੁੰਦਾ ਹੈ, ਜਿਸ ਦਾ ਸ਼ੈਡੋ ਰਜਿਸਟਰ ਦੇ ਨਾਲ ਮਿਲਾਨ ਕੀਤਾ ਜਾਂਦਾ ਹੈ।


shivani attri

Content Editor

Related News