ਸਰਪੰਚੀ ਦੀ ਚੋਣ ਲੜ ਰਹੀ ਉਮੀਦਵਾਰ ਨੂੰ ਨਹੀਂ ਦਿੱਤਾ ਚੋਣ ਨਿਸ਼ਾਨ
Saturday, Dec 22, 2018 - 09:37 PM (IST)

ਮੋਹਾਲੀ(ਕੁਲਦੀਪ, ਨਿਆਮੀਆਂ)-ਜ਼ਿਲਾ ਮੋਹਾਲੀ ਦੇ ਪਿੰਡ ਮਨੌਲੀ ਵਿਖੇ ਸਰਪੰਚੀ ਦੀ ਚੋਣ ਲੜ ਰਹੀ ਉਮੀਦਵਾਰ ਪਰਵਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਬਿਲਕੁਲ ਸਹੀ ਪਾਏ ਜਾਣ ਦੇ ਬਾਵਜੂਦ ਵੀ ਰਿਟਰਨਿੰਗ ਅਫ਼ਸਰ ਵਲੋਂ ਉਸ ਨੂੰ ਚੋਣ ਨਿਸ਼ਾਨ ਅਲਾਟ ਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਹਿਲਾ ਉਮੀਦਵਾਰ ਪਰਵਿੰਦਰ ਕੌਰ ਨਾਲ ਰਿਟਰਨਿੰਗ ਅਫ਼ਸਰ ਵਲੋਂ ਕੀਤੀ ਧੱਕੇਸ਼ਾਹੀ ਸਬੰਧੀ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਮਹਿਲਾ ਦੇ ਪਤੀ ਸਾਬਕਾ ਸਰਪੰਚ ਅਵਤਾਰ ਸਿੰਘ ਮਨੌਲੀ ਅਤੇ ਹੋਰ ਕਈ ਪਤਵੰਤੇ ਇਕੱਠੇ ਹੋ ਕੇ ਏ. ਡੀ. ਸੀ. ਮੋਹਾਲੀ ਨੂੰ ਮਿਲੇ। ਇਸ ਉਪਰੰਤ ਬੀਬੀ ਪਰਵਿੰਦਰ ਕੌਰ ਵਲੋਂ ਏ. ਡੀ. ਸੀ. ਮੋਹਾਲੀ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨਰ ਦੇ ਨਾਂ ਪੱਤਰ ਭੇਜ ਕੇ ਇਨਸਾਫ਼ ਦੀ ਮੰਗ ਵੀ ਕੀਤੀ ਗਈ।
ਕਾਗਜ਼ ਠੀਕ ਹੋਣ ਦੇ ਬਾਵਜੂਦ ਚੋਣ ਨਿਸ਼ਾਨ ਅਲਾਟ ਕਰਨ ਮੌਕੇ ਕੀਤੀ ਗੜਬੜੀ
ਏ. ਡੀ. ਸੀ. ਮੋਹਾਲੀ ਨੂੰ ਸੌਂਪੀ ਗਈ ਸ਼ਿਕਾਇਤ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਖਰੜ ਸਥਿਤ ਦਫ਼ਤਰ ਵਿਖੇ ਚੋਣਾਂ ਸਬੰਧੀ ਕਾਗਜ਼ ਭਰੇ ਸਨ ਤੇ ਰਮਨਪ੍ਰੀਤ ਕੌਰ ਵਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਗਏ ਸਨ। ਇਹ ਕਾਗਜ਼ 20 ਦਸੰਬਰ ਨੂੰ ਚੈੱਕ ਕੀਤੇ ਗਏ, ਜੋ ਕਿ ਠੀਕ ਪਾਏ ਗਏ ਸਨ। ਉਸ ਤੋਂ ਬਾਅਦ 21 ਦਸੰਬਰ ਨੂੰ ਰਾਤ ਸਾਢੇ 10 ਵਜੇ ਤਕ ਰਿਟਰਨਿੰਗ ਅਫ਼ਸਰ ਨੇ ਉਸ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ, ਜਦਕਿ ਬਾਕੀ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਸਨ।
ਉਸ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਰਾਤ 11 ਵਜੇ ਰਿਟਰਨਿੰਗ ਅਫ਼ਸਰ ਵਲੋਂ ਦਫ਼ਤਰ ਦੇ ਬਾਹਰ ਚੋਣ ਨਿਸ਼ਾਨਾਂ ਸਮੇਤ ਲਗਾਈ ਗਈ ਲਿਸਟ ਵਿਚ ਉਸ ਦਾ ਨਾਂ ਹੀ ਨਹੀਂ ਸੀ। ਰਿਟਰਨਿੰਗ ਅਫ਼ਸਰ ਨੂੰ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਉਸ 'ਤੇ ਸਿਆਸੀ ਦਬਾਅ ਹੈ ਤੇ ਇਹ ਕਹਿ ਕੇ ਉਹ ਉਥੋਂ ਚਲਾ ਗਿਆ। ਬੀਬੀ ਪਰਵਿੰਦਰ ਕੌਰ ਨੇ ਕਿਹਾ ਕਿ ਸਿਆਸੀ ਦਬਾਅ ਹੇਠਾਂ ਉਸ ਦੇ ਕਾਗਜ਼ ਰੱਦ ਕੀਤੇ ਗਏ। ਉਨ੍ਹਾਂ ਇਹ ਵੀ ਦੱਸਿਆ ਇਸ ਤੋਂ ਪਹਿਲਾਂ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਵੀ ਸਿਆਸੀ ਦਬਾਅ ਹੇਠ ਉਸ ਦੇ ਪਤੀ ਅਵਤਾਰ ਸਿੰਘ ਮਨੌਲੀ (ਸਾਬਕਾ ਸਰਪੰਚ) ਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਸਨ।
ਹੁਣ ਨਿਰ-ਵਿਰੋਧ ਚੁਣੇ ਜਾਣ ਦਾ ਰਾਗ ਅਲਾਪ ਰਿਹੈ ਪ੍ਰਸ਼ਾਸਨ
ਉਮੀਦਵਾਰ ਪਰਵਿੰਦਰ ਕੌਰ ਨੇ ਕਿਹਾ ਕਿ ਪਿੰਡ ਵਿਚ ਸਰਪੰਚੀ ਦੀ ਚੋਣ ਲਈ ਸਿਰਫ਼ ਦੋ ਹੀ ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿਚੋਂ ਪਰਵਿੰਦਰ ਕੌਰ ਨੂੰ ਚੋਣ ਮੈਦਾਨ ਵਿਚੋਂ ਬਾਹਰ ਕੱਢਣ ਤੋਂ ਬਾਅਦ ਹੁਣ ਪ੍ਰਸ਼ਾਸਨ ਦੂਜੀ ਮਹਿਲਾ ਨੂੰ ਨਿਰ-ਵਿਰੋਧ ਚੁਣੇ ਜਾਣ ਦਾ ਰਾਗ ਅਲਾਪਣ ਲਗ ਪਿਆ ਹੈ।