ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਘਰ 'ਚੋਂ ਲੁੱਟੇ ਗਹਿਣੇ ਤੇ ਨਕਦੀ

Sunday, Aug 20, 2023 - 09:11 PM (IST)

ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਘਰ 'ਚੋਂ ਲੁੱਟੇ ਗਹਿਣੇ ਤੇ ਨਕਦੀ

ਬੀਜਾ (ਬਿਪਨ) : ਖੰਨਾ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਆਫਿਸਰਜ਼ ਕਾਲੋਨੀ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ 70 ਸਾਲ ਦੀ ਬਜ਼ੁਰਗ ਔਰਤ ਨੂੰ ਘਰ ਵਿੱਚ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਮੂੰਹ ਵਿੱਚ ਕੱਪੜਾ ਪਾਇਆ ਗਿਆ ਤਾਂ ਜੋ ਬਜ਼ੁਰਗ ਦੇ ਰੌਲ਼ੇ ਦੀ ਆਵਾਜ਼ ਬਾਹਰ ਨਾ ਨਿਕਲ ਸਕੇ। ਇਕ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ। ਬਜ਼ੁਰਗ ਔਰਤ ਨਾਲ ਲੁਟੇਰਿਆਂ ਨੇ ਜੋ ਵਿਵਹਾਰ ਕੀਤਾ, ਉਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਬਜ਼ੁਰਗ ਦੇ ਹਾਲਾਤ ਇਹ ਹਨ ਕਿ ਉਸ ਦਾ ਮੂੰਹ ਸੁੱਜ ਕੇ ਨੀਲਾ ਹੋ ਚੁੱਕਾ ਹੈ ਤੇ ਅੱਖਾਂ ਖੁੱਲ੍ਹ ਨਹੀਂ ਰਹੀਆਂ ਸਨ। ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਅਰਬ ਦੇਸ਼ਾਂ 'ਚ ਫਸੀਆਂ 4 ਲੜਕੀਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਘਰ

ਉਜਾਗਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਰਜੀਤ ਕੌਰ ਸਿਹਤ ਵਿਭਾਗ ਤੋਂ ਬਤੌਰ ਹੈਲਥ ਵਰਕਰ ਸੇਵਾਮੁਕਤ ਹੈ। ਦੋਵੇਂ ਘਰ ਵਿੱਚ ਇਕੱਲੇ ਸਨ। ਉਹ ਆਪਣੇ ਘਰ ਦੇ ਸਾਹਮਣੇ ਕਿਸੇ ਕੋਲ ਗਏ ਸੀ। ਸ਼ਾਮ 4.30 ਵਜੇ ਦੇ ਕਰੀਬ ਮੋਟਰਸਾਈਕਲ 'ਤੇ 3 ਲੁਟੇਰੇ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। 2 ਲੁਟੇਰੇ ਸਿੱਧੇ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਗਏ। ਤੀਜਾ ਮੋਟਰਸਾਈਕਲ 'ਤੇ ਬਾਹਰ ਗਲੀ 'ਚ ਖੜ੍ਹਾ ਰਿਹਾ। ਦੋਵਾਂ ਲੁਟੇਰਿਆਂ ਨੇ ਅੰਦਰ ਜਾ ਕੇ ਉਸ ਦੀ ਪਤਨੀ 'ਤੇ ਹਮਲਾ ਕਰ ਦਿੱਤਾ ਤੇ ਉਸ ਦੇ ਹੱਥ ਬੰਨ੍ਹ ਦਿੱਤੇ। ਮੂੰਹ ਵਿੱਚ ਇਕ ਕੱਪੜਾ ਪਾ ਦਿੱਤਾ ਤਾਂ ਜੋ ਆਵਾਜ਼ ਨਾ ਨਿਕਲੇ। ਲੁਟੇਰੇ ਘਰ 'ਚੋਂ ਕਰੀਬ 8 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੈ ਗਏ। ਇਸ ਦਾ ਪਤਾ ਉਦੋਂ ਲੱਗਾ ਜਦੋਂ ਲੁਟੇਰਿਆਂ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੇ ਕਿਸੇ ਤਰ੍ਹਾਂ ਹੱਥ ਖੋਲ੍ਹੇ ਤਾਂ ਗੁਆਂਢੀਆਂ ਨੇ ਉਸ ਦੀ ਪਤਨੀ ਦਾ ਰੌਲ਼ਾ ਸੁਣਿਆ।

ਇਹ ਵੀ ਪੜ੍ਹੋ : ਮੋਟਰਸਾਈਕਲ ਤੇ ਸਕੂਟਰੀ ਦੀ ਹੋਈ ਆਹਮੋ-ਸਾਹਮਣੇ ਟੱਕਰ 'ਚ 2 ਦੀ ਮੌਤ, 2 ਗੰਭੀਰ ਜ਼ਖ਼ਮੀ

PunjabKesari

ਗੁਆਂਢ 'ਚ ਰਹਿਣ ਵਾਲੇ ਜੀਤ ਸਿੰਘ ਨੇ ਦੱਸਿਆ ਕਿ ਰੌਲ਼ਾ ਸੁਣ ਕੇ ਉਹ ਉਜਾਗਰ ਸਿੰਘ ਦੇ ਘਰ ਗਿਆ ਤਾਂ ਦੇਖਿਆ ਕਿ ਆਂਟੀ ਸੁਰਜੀਤ ਕੌਰ ਬੈੱਡ 'ਤੇ ਪਈ ਸੀ ਤੇ ਸਿਰ 'ਚੋਂ ਖੂਨ ਨਿਕਲ ਰਿਹਾ ਸੀ। ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਮੂੰਹ ਨੀਲਾ ਹੋਇਆ ਪਿਆ ਸੀ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਸੀਸੀਟੀਵੀ ਤੋਂ ਪਤਾ ਲੱਗਾ ਕਿ 3 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਹੱਲੇ ਦੇ ਰਹਿਣ ਵਾਲੇ ਵਿਕਾਸ ਗੁਪਤਾ ਨੇ ਵੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਸ ਨੂੰ ਇਹੋ ਜਿਹੀਆਂ ਵਾਰਦਾਤਾਂ ਰੋਕਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਹੋਣ ਜਾ ਰਹੀ ਵੱਡੀ ਕਟੌਤੀ, ਸਰਕਾਰ ਨੇ ਲਿਆ ਇਹ ਫ਼ੈਸਲਾ

ਲੁੱਟ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਨੇ ਹਸਪਤਾਲ ਵਿਖੇ ਜ਼ੇਰੇ ਇਲਾਜ ਥੋੜ੍ਹੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ 2 ਨੌਜਵਾਨ ਸਿੱਧੇ ਕਮਰੇ ਵਿੱਚ ਦਾਖ਼ਲ ਹੋਏ ਤੇ ਆਉਂਦਿਆਂ ਹੀ ਕਿਹਾ ਕਿ ਉਹ ਦਵਾਈ ਲੈਣ ਆਏ ਹਨ। ਮੂੰਹ ਢਕੇ ਹੋਏ ਸਨ। ਇਸ ਕਰਕੇ ਜਦੋਂ ਉਸ ਨੇ ਆਪਣਾ ਮੋਬਾਇਲ ਚੁੱਕ ਕੇ 112 'ਤੇ ਪੁਲਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਦਾ ਫੋਨ ਖੋਹ ਕੇ ਸੁੱਟ ਦਿੱਤਾ ਤੇ ਉਸ ਨੂੰ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਦੀ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ। ਬਜ਼ੁਰਗ ਔਰਤ ਨੇ ਲੁਟੇਰਿਆਂ ਦੇ ਮੂੰਹ ਤੋਂ ਕੱਪੜਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਕੌਣ ਹਨ ਪਰ ਲੁਟੇਰੇ ਸੁਰਜੀਤ ਕੌਰ 'ਤੇ ਲਗਾਤਾਰ ਹਮਲਾ ਕਰਦੇ ਰਹੇ। ਦੂਜੇ ਪਾਸੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News