ਸਿੱਖਿਆ ਮੰਤਰੀ ਦੀ ਕੋਠੀ ਘੇਰਨ ਪੁੱਜੇ ਅਧਿਆਪਕਾਂ ਨਾਲ ਪੁਲਸ ਦੀ ਧੱਕਾ-ਮੁੱਕੀ
Sunday, Mar 01, 2020 - 03:16 PM (IST)
ਸੰਗਰੂਰ (ਬੇਦੀ): ਪਿਛਲੇ 5 ਮਹੀਨਿਆਂ ਤੋਂ ਸੰਗਰੂਰ ਵਿਖੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਭਾਵੇਂ ਬੈਰੀਕੇਡ ਲਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੋਠੀ ਤੋਂ ਦੂਰ ਰੋਕਣ ਦਾ ਯਤਨ ਸੀ, ਪਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜੋਸ਼ ਨਾਲ ਅੱਗੇ ਵਧਿਆ ਗਿਆ, ਜਿਸ ਦੌਰਾਨ ਪੁਲਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ।
ਆਖ਼ਿਰ ਪੁਲਸ ਨੇ ਬੈਰੀਕੇਡ ਪਿਛਾਂਹ ਹਟਾ ਲਏ, ਜਿਸ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਨੇ ਉਥੇ ਹੀ ਧਰਨਾ ਲਾ ਦਿੱਤਾ। ਇਸ ਤੋਂ ਪਹਿਲਾਂ ਜ਼ਿਲਾ-ਪ੍ਰਬੰਧਕੀ ਕੰਪਲੈਕਸ ਵਿਖੇ ਪੱਕੇ-ਮੋਰਚੇ ’ਤੇ ਇਕੱਠੇ ਹੋਣ ਉਪਰੰਤ ਸ਼ਹਿਰ ’ਚ ਰੋਸ-ਮਾਰਚ ਕੱਢਦਿਆਂ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਨੂੰ ਖੂਬ ਭੰਡਿਆ। ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇਡ਼ੀ, ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਾਰਡਰ-ਏਰੀਆ ਦੇ ਸਕੂਲਾਂ ’ਚ ਅਧਿਆਪਕਾਂ ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਨੂੰ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਨੇ ਕੋਝਾ ਮਜ਼ਾਕ ਕਰਾਰ ਦਿੱਤਾ ਹੈ।
2182 ਅਸਾਮੀਆਂ ਦੇ ਇਸ਼ਤਿਹਾਰ ਅਧੀਨ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਿਕ-ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਲਈ ਵਿਭਾਗ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਬੀ. ਐੱਡ ਅਧਿਆਪਕ ਪਿਛਲੇ 5 ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ-ਧਰਨਾ ਲਾ ਕੇ ਪੰਜਾਬ ਭਰ ’ਚ ਖਾਲੀ ਪਈਆਂ ਅਧਿਆਪਕ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਸਨ। ਸੰਘਰਸ਼ ਦੌਰਾਨ ਪੰਜ ਵਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਠੀਚਾਰਜ ਵੀ ਸਹਿਣਾ ਪਿਆ ਹੈ। ਪੰਜਾਬ ਭਰ ’ਚ ਕਰੀਬ 50 ਹਜ਼ਾਰ ਟੈੱਟ/ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਹਨ, ਜਿਨ੍ਹਾਂ ਦਾ ਵੱਡਾ ਹਿੱਸਾ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਵਾਲੇ ਉਮੀਦਵਾਰਾਂ ਦਾ ਹੈ, ਪਰ ਵਿਭਾਗ ਵੱਲੋਂ ਸਿਰਫ 152 ਅਸਾਮੀਆਂ ਕੱਢਣਾ ਜਿਥੇ ਬੇਰੁਜ਼ਗਾਰ ਅਧਿਆਪਕਾਂ ਲਈ ਕੋਝਾ-ਮਜ਼ਾਕ ਹੈ, ਉਥੇ ਸਰਕਾਰ ਵੱਲੋਂ ਖਜ਼ਾਨਾ ਭਰਨ ਲਈ ਕੀਤਾ ਗਿਆ ਯਤਨ ਹੈ। ਉਨ੍ਹਾਂ ਕਿਹਾ ਕਿ ਟੈਸਟ ਪਾਸ ਕਰਨ ਦੇ ਬਾਵਜੂਦ ਉਮੀਦਵਾਰ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ, ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਤ ਉਮਰ ਦੀ ਸੀਮਾ ਵੀ ਲੰਘਾ ਚੁੱਕੇ ਹਨ, ਜਿਸ ਕਰ ਕੇ ਉਹ ਉਮਰ-ਹੱਦ 37 ਤੋਂ 42 ਸਾਲ ਕਰ ਕੇ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦੇ ਹਨ, ਕਿਉਂਕਿ ਪੰਜਾਬ ਭਰ ’ਚ ਕਰੀਬ 30 ਹਜ਼ਾਰ ਅਸਾਮੀਆਂ ਖਾਲੀ ਹਨ।
ਆਗੂਆਂ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ-ਡਕੌਂਦਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਬੇਰੁਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਨਵਜੀਵਨ ਬਰਨਾਲਾ, ਗੁਰਦੀਪ ਮਾਨਸਾ, ਅਮਨ ਸੇਖ਼ਾ, ਅਮਨ ਬਾਵਾ, ਰਣਬੀਰ ਨਦਾਮਪੁਰ, ਸੰਦੀਪ ਗਿੱਲ, ਜਗਜੀਤ ਜੱਗੀ ਜੋਧਪੁਰ ਹਾਜ਼ਰ ਸਨ।