ਮੋਹਾਲੀ ਵਿਖੇ ਆਜ਼ਾਦੀ ਦਿਹਾੜੇ ’ਤੇ ਤਿਰੰਗਾ ਲਹਿਰਾਉਣਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
Wednesday, Aug 14, 2024 - 12:54 PM (IST)
ਮੋਹਾਲੀ (ਨਿਆਮੀਆਂ) : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 15 ਅਗਸਤ 2024 ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਸਟੇਡੀਅਮ, ਮੋਹਾਲੀ ਵਿਖੇ 78ਵੇਂ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ। ਇਹ ਗੱਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਫੁੱਲ ਡਰੈੱਸ ਰਿਹਰਸਲ ਦੌਰਾਨ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਹੀ। ਡੀ. ਸੀ. ਆਸ਼ਿਕਾ ਜੈਨ ਦੇ ਨਾਲ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਵੀ ਪਰੇਡ ਅਤੇ ਮਾਰਚ ਪਾਸਟ ਦਾ ਨਿਰੀਖਣ ਕੀਤਾ।
ਇਸ ਮੌਕੇ ਸਮੁੱਚੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਆਈ. ਜੀ. ਪੁਲਸ ਬਾਬੂ ਲਾਲ ਮੀਣਾ, ਪਰੇਡ ਕਮਾਂਡਰ ਡੀ. ਐੱਸ. ਪੀ. ਜਤਿੰਦਰ ਚੌਹਾਨ ਦੀ ਅਗਵਾਈ ਵਿਚ ਕੀਤੇ ਗਏ ਮਾਰਚ ਪਾਸਟ ਵਿਚ ਤਿੰਨ ਪੁਲਸ ਪਲਟੂਨਾਂ ਸਮੇਤ ਮਹਿਲਾ ਪੁਲਸ, ਐੱਨ. ਸੀ. ਸੀ. ਕੈਡਿਟਸ ਅਤੇ ਵੱਖ-ਵੱਖ ਸਕੂਲਾਂ ਦੇ ਸਕੂਲੀ ਬੈਂਡ ਸ਼ਾਮਲ ਸਨ। ਕਰੀਬ 15 ਸਕੂਲਾਂ ਦੇ ਕਰੀਬ 944 ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਸਬੰਧੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੱਭਿਆਚਾਰਕ ਸਮਾਗਮ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ, ਏ. ਪੀ. ਜੇ. ਸਕੂਲ ਮੁੰਡੀ ਖਰੜ, ਜੈੱਮ ਪਬਲਿਕ ਸਕੂਲ ਮੋਹਾਲੀ, ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਲਰਨਿੰਗ ਪਾਥ ਸੈਕਟਰ-67 ਮੋਹਾਲੀ, ਸਰਕਾਰੀ ਹਾਈ ਸਕੂਲ ਕੁੰਬੜਾ, ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸੀ. ਸੈ. ਸਕੂਲ, ਰਤਵਾੜਾ ਸਾਹਿਬ ਅਤੇ ਸੇਂਟ ਸੋਲਜਰ ਸਕੂਲ ਫੇਜ਼-7 ਮੋਹਾਲੀ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਵਿਸ਼ਿਆਂ ’ਤੇ ਆਧਾਰਿਤ ਵੱਖ-ਵੱਖ ਗੀਤਾਂ ਅਤੇ ਹੋਰ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ।
ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਸਮੂਹ ਭਾਗੀਦਾਰ ਸਕੂਲਾਂ ਅਤੇ ਪ੍ਰਬੰਧਾਂ ਵਿਚ ਲੱਗੇ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।