5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਬੋਲੇ ਸਿੱਖਿਆ ਮੰਤਰੀ ਬੈਂਸ, ਕਹੀਆਂ ਅਹਿਮ ਗੱਲਾਂ

Sunday, Feb 19, 2023 - 09:57 PM (IST)

5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਬੋਲੇ ਸਿੱਖਿਆ ਮੰਤਰੀ ਬੈਂਸ, ਕਹੀਆਂ ਅਹਿਮ ਗੱਲਾਂ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਬਿਊਰੋ) : ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ ਭਲਕੇ ਸੋਮਵਾਰ ਤੋਂ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਨਾਲ ਹੋ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 12ਵੀਂ ਸ਼੍ਰੇਣੀ ਦੀ ਪ੍ਰੀਖਿਆ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 299744 ( ਦੋ ਲੱਖ ਨੜਿੰਨਵੇਂ ਹਜ਼ਾਰ ਸੱਤ ਸੌ ਚੁਤਾਲੀ) ਹੈ। ਇਸੇ ਤਰ੍ਹਾਂ ਓਪਨ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 14501 (ਚੌਦਾਂ ਹਜ਼ਾਰ ਪੰਜ ਸੌ ਇਕ), ਵਾਧੂ ਵਿਸ਼ਾ ਕੈਟਾਗਰੀ ਅਧੀਨ ਪ੍ਰੀਖਿਆ ਦੇਣ ਵਾਲੇ 713 ਪ੍ਰੀਖਿਆਰਥੀ, ਕਾਰਗੁਜ਼ਾਰੀ ਵਧਾਉਣ ਲਈ ਕੁਲ 30 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ  ਹਨ। ਇਸੇ ਤਰ੍ਹਾਂ ਰੀ-ਅਪੀਅਰ ਪ੍ਰੀਖਿਆ ਅਧੀਨ ਕੁੱਲ 1095 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ 3914 ਸਕੂਲਾਂ ’ਚ ਕੁੱਲ 2255 ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸੇ ਤਰ੍ਹਾਂ ਸਾਲ 2022-23 ਲਈ 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 25 ਫ਼ਰਵਰੀ 2023 ਤੋਂ ਸ਼ੁਰੂ ਕਰਵਾਈ ਜਾ ਰਹੀ ਹੈ, ਜੋ 4 ਮਾਰਚ 2023 ਤੱਕ ਜਾਰੀ ਰਹੇਗੀ। 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 298296 (ਦੋ ਲੱਖ ਅਠੱਨਵੇ ਹਜ਼ਾਰ ਦੋ ਸੌ ਛਿਆਂਨਵੇ) ਹੈ, ਜਿਨ੍ਹਾਂ ਲਈ ਉਚੇਚੇ ਤੌਰ ’ਤੇ ਸੈਲਫ਼ ਸੈਂਟਰ ਬਣਾਏ ਗਏ ਹਨ। ਬੈਂਸ ਨੇ ਦੱਸਿਆ ਕਿ 5ਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਲਈ ਕੁਲ 17307 ਸੈਲਫ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿਚ ਕੁੱਲ 310311 ( ਤਿੰਨ ਲੱਖ ਦਸ ਹਜ਼ਾਰ ਤਿੰਨ ਸੌ ਗਿਆਰਾਂ ) ਪ੍ਰੀਖਿਆਰਥੀਆਂ ਲਈ 10694 ਸਕੂਲਾਂ ’ਚ ਕੁਲ 2482 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ

ਸਿੱਖਿਆ ਮੰਤਰੀ ਅਨੁਸਾਰ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿਚ ਅਪੀਅਰ ਹੋਣ ਵਾਲੇ 285068 ( ਦੋ ਲੱਖ ਪਚਾਸੀ ਹਜ਼ਾਰ ਅਠਾਹਟ) ਰੈਗੂਲਰ, ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਕੁੱਲ 10361 (ਦਸ ਹਜ਼ਾਰ ਤਿੰਨ ਸੌ ਇਕਾਹਠ), ਵਾਧੂ ਵਿਸ਼ਾ ਕੈਟਾਗਰੀ ਅਧੀਨ ਕੁੱਲ 2366 (ਦੋ ਹਜ਼ਾਰ ਤਿੰਨ ਸੌ ਛਿਆਹਠ), ਕਾਰਗੁਜ਼ਾਰੀ ਵਧਾਉਣ ਲਈ ਪ੍ਰੀਖਿਆ ਦੇਣ ਵਾਲੇ ਕੁੱਲ 20 (ਵੀਹ), ਰੀ-ਅਪੀਅਰ ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਕੁੱਲ 1090 (ਇਕ ਹਜ਼ਾਰ ਨੱਬੇ) ਪ੍ਰੀਖਿਆਰਥੀਆਂ ਲਈ 7178 ਸਕੂਲਾਂ ਵਿਚ 2576 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਨੂੰ ਸ਼ਾਂਤੀਪੂਰਨ ਅਤੇ ਸਹੂਲਤਜਨਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਪ੍ਰਬੰਧ ਪੂਰੇ ਕਰ ਲਏ ਗਏ ਹਨ।

12ਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਮੂਹ ਜ਼ਿਲ੍ਹਿਆਂ ਦੇ ਬੈਂਕਾਂ ਨੂੰ ਸੌਂਪ ਦਿੱਤੇ ਗਏ ਹਨ। ਇਸੇ ਤਰ੍ਹਾਂ 5ਵੀਂ ਤੇ 8ਵੀਂ ਸ਼੍ਰੇਣੀਆਂ ਦੇ ਪ੍ਰਸ਼ਨ ਪੱਤਰ 21 ਫਰਵਰੀ ਅਤੇ 10ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ 17 ਮਾਰਚ ਨੂੰ ਬੈਂਕਾਂ ਵਿਚ ਪਹੁੰਚਾ ਦਿੱਤੇ ਜਾਣਗੇ। ਜਿਥੋਂ ਪ੍ਰੀਖਿਆਵਾਂ ’ਚ ਤਾਇਨਾਤ ਅਮਲਾ ਪ੍ਰਸ਼ਨ ਪੱਤਰ ਪ੍ਰਾਪਤ ਕਰੇਗਾ। ਪ੍ਰੀਖਿਆਵਾਂ ’ਚ ਤਾਇਨਾਤ ਅਮਲੇ ਨੂੰ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਪਾਰਦਰਸ਼ਿਤਾ ਲਈ ਕੈਮਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੁਚਾਰੂ ਢੰਗ ਨਾਲ ਪ੍ਰੀਖਿਆਵਾਂ ਦੇ ਸੰਚਾਲਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਦੀ ਮਦਦ ਵੀ ਲਈ ਜਾ ਰਹੀ ਹੈ।


author

Manoj

Content Editor

Related News