ਸਿੱਖਿਆ ਅਧਿਕਾਰੀਆਂ ਨੇ ਕੀਤੀ ਸਕੂਲਾਂ ਵਿਚ ਛਾਪੇਮਾਰੀ, ਖੰਗਾਲਿਆ ਰਿਕਾਰਡ
Wednesday, Oct 04, 2017 - 02:43 AM (IST)
ਬਠਿੰਡਾ(ਪਾਇਲ)-ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਸਿੱਖਿਅਕ ਸੇਵਾਵਾਂ ਸੁਚਾਰੂ ਬਣਾਉਣ ਦੇ ਉਦੇਸ਼ ਤਹਿਤ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਸੈਕੰਡਰੀ ਮਨਿੰਦਰ ਕੌਰ ਤੇ ਡਿਪਟੀ ਡੀ. ਈ. ਓ. ਭੁਪਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਵਿਚ ਛਾਪੇਮਾਰੀ ਕਰ ਕੇ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਸਕੂਲ ਦਾ ਰਿਕਾਰਡ ਵੀ ਖੰਗਾਲਿਆ।
ਡੀ. ਈ. ਓ. ਮਨਿੰਦਰ ਕੌਰ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਜੈ ਸਿੰਘ ਵਾਲਾ, ਸਰਕਾਰੀ ਸੀ. ਸੈ. ਸਕੂਲ ਝੁੰਬਾ, ਸਰਕਾਰੀ ਮਿਡਲ ਸਕੂਲ ਬਾਹੋਯਾਤਰੀ ਤੇ ਸਰਕਾਰੀ ਸੀ. ਸੈ. ਸਕੂਲ ਮੁਲਤਾਨੀਆਂ ਦਾ ਅਚਾਨਕ ਦੌਰਾ ਕਰ ਕੇ ਜਾਂਚ ਕੀਤੀ ਗਈ। ਉਨ੍ਹਾਂ ਸਤੰਬਰ ਟੈਸਟ ਦੀ ਕਾਰਗੁਜ਼ਾਰੀ ਵੀ ਜਾਂਚੀ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੀ ਪੜ੍ਹਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੜ੍ਹਾਈ ਵਿਚ ਕਮਜ਼ੋਰ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਉਨ੍ਹਾਂ ਦੀ ਐਕਸਟਰਾ ਕਲਾਸ ਲਾਉਣ ਦੀ ਵੀ ਹਦਾਇਤ ਦਿੱਤੀ। ਉਨ੍ਹਾਂ ਅਧਿਆਪਕਾਂ ਨੂੰ ਸਰਲ ਤਰੀਕੇ ਨਾਲ ਬੱਚਿਆ ਨੂੰ ਪੜ੍ਹਾਉਣ ਲਈ ਕਿਹਾ। ਇਸੇ ਤਰ੍ਹਾਂ ਡਿਪਟੀ ਡੀ. ਈ. ਓ. ਭੁਪਿੰਦਰ ਕੌਰ ਨੇ ਸਰਕਾਰੀ ਸੈਕੰਡਰੀ ਸਕੂਲ ਬਹਿਮਣ ਦੀਵਾਨਾ, ਸਰਕਾਰੀ ਹਾਈ ਸਕੂਲ ਚੁੱਘੇ ਖੁਰਦ, ਸਰਕਾਰੀ ਸੈਕੰਡਰੀ ਸਕੂਲ ਚੁੱਘੇ ਕਲਾਂ, ਸਰਕਾਰੀ ਹਾਈ ਸਕੂਲ ਬੱਲੂਆਣਾ ਦਾ ਦੌਰਾ ਕੀਤਾ। ਉਨ੍ਹਾਂ ਸਾਰੇ ਸਕੂਲਾਂ ਦੀ ਮਿਡ-ਡੇ-ਮੀਲ, ਸਰਵਿਸ ਬੁੱਕ, ਜੀ. ਪੀ. ਐੱਫ. ਵਿਦਿਆਰਥੀਆਂ ਦੇ ਬਾਥਰੂਮ, ਪੀਣ ਵਾਲਾ ਪਾਣੀ, ਟਾਈਮ ਟੇਬਲ, ਸਾਇੰਸ ਲੈਬ, ਕੰਪਿਊਟਰ ਲੈਬ, ਮੈਥ ਕਾਰਨਰ ਆਦਿ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਸਕੂਲ ਮੁਖੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
