ED ਦੀ ਗਾਂਧੀ ਪਰਿਵਾਰ ਖ਼ਿਲਾਫ਼ ਕਾਰਵਾਈ ਸਿਆਸੀ ਹਾਸ਼ੀਏ ’ਤੇ ਚੱਲ ਰਹੀ ਕਾਂਗਰਸ ’ਚ ਪਾਵੇਗੀ ਨਵੀਂ ਜਾਨ!

Tuesday, Aug 09, 2022 - 03:23 PM (IST)

ਜਲੰਧਰ (ਚੋਪੜਾ) : ਨੈਸ਼ਨਲ ਹੇਰਾਲਡ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਦਾ ਸੇਕ ਝੱਲ ਰਹੀ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਇਸ ਮਾਮਲੇ ’ਚ ਸਿੱਧੇ ਤੌਰ ’ਤੇ ਈ.ਡੀ ਦੇ ਨਿਸ਼ਾਨੇ ’ਤੇ ਹੈ। ਇਸ ਪੂਰੇ ਘਟਨਾਚੱਕਰ ਨੂੰ ਬਦਲੇ ਦੀ ਰਾਜਨੀਤੀ ਕਰਾਰ ਦਿੰਦਿਆਂ ਕਾਂਗਰਸ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਈ.ਡੀ. ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰ ਤੋਂ ਮੁਕਤ ਭਾਰਤ ਦੇਖਣਾ ਚਾਹੁੰਦੇ ਹਨ।

ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਈ.ਡੀ. ਸਾਹਮਣੇ ਪੇਸ਼ ਹੋ ਚੁੱਕੇ ਹਨ। ਸੋਨੀਆ-ਰਾਹੁਲ ਦੀ ਪੇਸ਼ੀ ਦੌਰਾਨ ਜਿਸ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਸੜਕਾਂ ’ਤੇ ਲੜਦੇ ਅਤੇ ਜਵਾਬੀ ਕਾਰਵਾਈ ਕਰਦੇ ਨਜ਼ਰ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਾਸ਼ੀਏ ’ਤੇ ਪਈ ਕਾਂਗਰਸ ’ਚ ਨਵੀਂ ਜਾਨ ਆ ਗਈ ਹੈ। ਈ.ਡੀ. ਦੇ ਸੂਤਰ ਇਸ ਨੂੰ ਮਨੀ ਲਾਂਡ੍ਰਿੰਗ ਦਾ ਮਾਮਲਾ ਦੱਸਦੇ ਹੋਏ ਹਵਾਲਾ ਲੈਣ-ਦੇਣ ਦਾ ਦਾਅਵਾ ਵੀ ਕਰ ਰਹੇ ਹਨ, ਜਿਸ ਕਾਰਨ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।

ਹਾਲਾਂਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਈ. ਡੀ. ’ਚ ਪੇਸ਼ੀ ਦੌਰਾਨ ਪਾਰਟੀ ਨੇ ਉਨ੍ਹਾਂ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਸੱਤਿਆਗ੍ਰਹਿ ਦੀ ਗੱਲ ਕਰਦਿਆਂ ਧਰਨਾ-ਪ੍ਰਦਰਸ਼ਨ ਦਾ ਆਯੋਜਨ ਕੀਤਾ ਸੀ। ਇਸ ਨਾਲ ਪਾਰਟੀ ਵਰਕਰਾਂ ਨੂੰ ਲੰਮੇ ਸਮੇਂ ਬਾਅਦ ਨਵੀਂ ਊਰਜਾ ਮਿਲੀ ਹੈ। ਇਸ ਦੌਰਾਨ ਸਰਕਾਰ ਵੱਲੋਂ ਰਾਮ ਮੰਦਰ ਦੇ ਨੀਂਹ-ਪੱਥਰ ਵਾਲੇ ਦਿਨ ਕਾਂਗਰਸ ਨੂੰ ਕਾਲੇ ਕੱਪੜੇ ਪਹਿਨਣ ਦਾ ਦੋਸ਼ ਲਾਉਂਦਿਆਂ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਆਉਣ ਵਾਲੇ ਸਮੇਂ ’ਚ ਜਨ-ਜਾਗਰਣ ਮੁਹਿੰਮ ਅਤੇ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ।

ਜਿਸ ਤਰ੍ਹਾਂ ਏਜੰਸੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ’ਤੇ ਸ਼ਿਕੰਜਾ ਕੱਸ ਰਹੀਆਂ ਹਨ, ਅਜਿਹੇ ’ਚ ਲੋਕਾਂ ਨੂੰ ਵਿਰੋਧੀ ਧਿਰ ਦੇ ਉਸ ਦਾਅਵੇ ’ਚ ਦਮ ਲੱਗ ਸਕਦਾ ਹੈ ਕਿ ਭਾਜਪਾ ਸਰਕਾਰ ਵਿਰੋਧੀ ਨੇਤਾਵਾਂ ਨੂੰ ਅਪਮਾਨਤ ਕਰਨ ਅਤੇ ਬਦਲਾਖੋਰੀ ਨੂੰ ਲੈ ਕੇ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਸ਼ਿਵ ਸੈਨਾ, ਐੱਨ.ਸੀ.ਪੀ., ਟੀ.ਐੱਮ.ਸੀ., 'ਆਪ' ਤੇ ਕਾਂਗਰਸ ਵਰਗੀਆਂ ਸਾਰੀਆਂ ਵਿਰੋਧੀ ਪਾਰਟੀਆਂ ਖ਼ਿਲਾਫ਼ ਹੋ ਰਹੀ ਘੇਰਾਬੰਦੀ ਨੂੰ ਵਿਰੋਧੀ ਧਿਰ ਇਸ ਦਾ ਸਬੂਤ ਦੱਸ ਰਹੀ ਹੈ। ਵਿਰੋਧੀ ਪਾਰਟੀਆਂ ਦਾ ਇਹ ਵੀ ਦਾਅਵਾ ਹੈ ਕਿ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ ਵਿਰੋਧੀ ਧਿਰ ਹੀ ਹੈ, ਸਰਕਾਰ ਦੇ ਕਰੀਬੀ ਲੋਕਾਂ ’ਤੇ ਇਸ ਦਾ ਕੋਈ ਖ਼ਤਰਾ ਨਜ਼ਰ ਨਹੀਂ ਆਉਂਦਾ।

ਪਰ ਜੋ ਵੀ ਹੋਵੇ, ਪਿਛਲੇ ਸਮੇਂ ਤੋਂ ਦੇਸ਼ ਵਿਚ ਜੋ ਵੀ ਸਿਆਸੀ ਘਟਨਾਚੱਕਰ ਹੋ ਰਿਹਾ ਹੈ, ਉਸ ਵਿਚ ਸਵਾਲ ਉੱਠ ਰਹੇ ਹਨ ਕਿ ਕਾਂਗਰਸ, ਖਾਸ ਤੌਰ ’ਤੇ ਇਸ ਦੀ ਚੋਟੀ ਦੀ ਲੀਡਰਸ਼ਿਪ ਦੀ ਕੀਤੀ ਜਾ ਰਹੀ ਘੇਰਾਬੰਦੀ ਕੀ ਸਹੀ ਹੈ? ਕੀ ਕਾਂਗਰਸ ਈ.ਡੀ. ਸਬੰਧੀ ਬਣਾਏ ਜਾ ਰਹੇ ਦਬਾਅ ਨੂੰ ਝੱਲ ਸਕੇਗੀ ਜਾਂ ਦਬਾਅ ਸਾਹਮਣੇ ਬਿਖਰ ਜਾਵੇਗੀ? ਕੀ ਇਸ ਪੂਰੇ ਘਟਨਾਚੱਕਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਦੇਸ਼ ਵਿਚ ਮਜ਼ਬੂਤ ਹੋ ਕੇ ਉਭਰੇਗੀ?

ਗਾਂਧੀ ਪਰਿਵਾਰ ’ਤੇ ਸੰਕਟ ਨੂੰ ਕਾਂਗਰਸ ’ਤੇ ਸੰਕਟ ਮੰਨਿਆ ਜਾਂਦਾ ਰਿਹਾ ਹੈ

ਕਾਂਗਰਸ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਗਾਂਧੀ ਪਰਿਵਾਰ ’ਤੇ ਆਏ ਹਰ ਸੰਕਟ ਨੂੰ ਪਾਰਟੀ ’ਤੇ ਸੰਕਟ ਵਜੋਂ ਦੇਖਿਆ ਗਿਆ ਹੈ, ਜਿਸ ਕਾਰਨ ਪਾਰਟੀ ਨੂੰ ਹਮੇਸ਼ਾ ਇਕਜੁੱਟ ਕਰ ਕੇ ਵਿਰੋਧੀ ’ਤੇ ਪਲਟਵਾਰ ਕਰਦੇ ਦੇਖਿਆ ਜਾਂਦਾ ਰਿਹਾ ਹੈ। ਕਾਂਗਰਸ ਨੂੰ ਲੱਗ ਰਿਹਾ ਹੈ ਕਿ ਨੈਸ਼ਨਲ ਹੇਰਾਲਡ ਮਾਮਲੇ ’ਚ ਸੋਨੀਆ ਤੇ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਾਰਟੀ ਨੂੰ ਲੱਗਦਾ ਹੈ ਕਿ ਜੇ ਅਜਿਹੀ ਨੌਬਤ ਆਉਂਦੀ ਹੈ ਤਾਂ ਇਹ ਗ੍ਰਿਫ਼ਤਾਰੀ ਕਾਂਗਰਸ ਲਈ ਸੰਜੀਵਨੀ ਬੂਟੀ ਵਾਂਗ ਹੋਵੇਗੀ। ਕਾਂਗਰਸ ਨੇ ਰਣਨੀਤੀ ਬਣਾਈ ਹੈ ਕਿ ਈ.ਡੀ. ਨੂੰ ਲੈ ਕੇ ਦੇਸ਼ ’ਚ ਸ਼ੁਰੂ ਹੋਏ ਵਿਰੋਧ ਤੋਂ ਮਿਲੀ ਤਾਕਤ ਨੂੰ ਦੇਖਦਿਆਂ ਹੁਣ 2024 ਦੀਆਂ ਲੋਕ ਸਭਾ ਚੋਣਾਂ ਤਕ ਉਹ ਜ਼ਮੀਨੀ ਮੁੱਦਿਆਂ ’ਤੇ ਸਰਕਾਰ ’ਤੇ ਹਮਲਾਵਰੀ ਰਹੇਗੀ।

ED ਹੀ ਨਹੀਂ, ਮਹਿੰਗਾਈ ਤੇ ਜੀ.ਐੱਸ.ਟੀ. ’ਤੇ ਵੀ ਕੇਂਦਰ ਸਰਕਾਰ ਨੂੰ ਘੇਰਨ ’ਚ ਜੁਟੀ ਕਾਂਗਰਸ

ਨੈਸ਼ਨਲ ਹੇਰਾਲਡ ਮਾਮਲੇ ’ਚ ਗਾਂਧੀ ਪਰਿਵਾਰ ਤੋਂ ਕੀਤੀ ਜਾ ਰਹੀ ਜਾਂਚ ’ਤੇ ਕਾਂਗਰਸ ਦੇ ਹੱਥਾਂ ’ਚ ਇਕ ਵੱਡਾ ਮੁੱਦਾ ਆ ਗਿਆ ਹੈ, ਜਿਸ ਨੂੰ ਲੈ ਕੇ ਪਾਰਟੀ ਨੇ ਦੇਸ਼ ਭਰ ’ਚ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਲਗਾਤਾਰ ਸਰਕਾਰ ’ਤੇ ਦੋਸ਼ ਲਗਾ ਰਹੀ ਹੈ ਕਿ ਉਸ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਵਿਚ ਸਿਰਫ ਕਾਂਗਰਸ ਹੀ ਹੈ, ਜੋ ਕੌਮੀ ਪੱਧਰ ’ਤੇ ਭਾਜਪਾ ਸਰਕਾਰ ਦਾ ਮੁਕਾਬਲਾ ਕਰਨ ’ਚ ਸਮਰੱਥ ਹੈ। ਕਾਂਗਰਸ ਦੇ ਵਿਰੋਧ ਨੂੰ ਦਬਾਉਣ ਲਈ ਜਿਸ ਤਰ੍ਹਾਂ ਪਾਰਟੀ ਦੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ, ਪਾਰਟੀ ਉਸ ਨੂੰ ਆਪਣੀ ਜਿੱਤ ਵਾਂਗ ਦੇਖ ਰਹੀ ਹੈ।

ਇਸ ਤੋਂ ਇਲਾਵਾ ਰਾਹੁਲ ਦਾ ਹਮਲਾਵਰੀ ਰਵੱਈਆ ਉਨ੍ਹਾਂ ਦੀ ਲੀਡਰਸ਼ਿਪ ਤੇ ਕਾਰਜ-ਸ਼ੈਲੀ ’ਤੇ ਰੋਕ ਲਗਾਉਂਦਾ ਨਜ਼ਰ ਆ ਰਿਹਾ ਹੈ। ਕਾਂਗਰਸ ਪ੍ਰਧਾਨ ਦੀ ਚੋਣ ਵੀ ਅਗਲੇ ਮਹੀਨਿਆਂ ਵਿਚ ਹੋਣੀ ਹੈ। ਇਸ ਨੂੰ ਦੇਖਦਿਆਂ ਪਾਰਟੀ ਨੇ ਤੈਅ ਕੀਤਾ ਹੈ ਕਿ ਰਾਹੁਲ ਦੀ ਅਗਵਾਈ ’ਚ ਪਾਰਟੀ ਆਉਣ ਵਾਲੀਆਂ 2024 ਦੀਆਂ ਚੋਣਾਂ ’ਚ ਸਰਕਾਰ ’ਤੇ ਹਮਲਾਵਰੀ ਰਹੇਗੀ। ਕਾਂਗਰਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਘਰ ਬੈਠੇ ਵਰਕਰਾਂ ਨੇ ਈ.ਡੀ. ਤੇ ਕੇਂਦਰ ਸਰਕਾਰ ਦੇ ਵਿਰੋਧ ਤੋਂ ਇਲਾਵਾ ਮਹਿੰਗਾਈ ਤੇ ਜੀ.ਐੱਸ.ਟੀ. ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
 

ਹਰ ਮੁਸੀਬਤ ’ਚ ਕਾਂਗਰਸ ਮਜ਼ਬੂਤ ਹੋ ਕੇ ਫਰੰਟ ਫੁੱਟ ’ਤੇ ਆਈ

ਜੇਕਰ ਕਾਂਗਰਸ, ਖਾਸ ਤੌਰ ’ਤੇ ਗਾਂਧੀ ਪਰਿਵਾਰ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਕ-ਅੱਧੇ ਅਪਵਾਦ ਨੂੰ ਛੱਡ ਕੇ ਮੁਸੀਬਤ ਦੇ ਜ਼ਿਆਦਾਤਰ ਮੌਕਿਆਂ ’ਤੇ ਪਾਰਟੀ ਮੁੜ ਮਜ਼ਬੂਤ ਹੋ ਕੇ ਫਰੰਟ ਫੁੱਟ ’ਤੇ ਆਈ ਹੈ। ਬੋਫੋਰਸ ਖ਼ਰੀਦ ਮਾਮਲੇ ’ਚ ਉਸ ਨੂੰ ਵੱਡਾ ਨੁਕਸਾਨ ਇਸ ਲਈ ਉਠਾਉਣਾ ਪਿਆ ਕਿਉਂਕਿ ਵਿਰੋਧ ਦੇ ਸੁਰ ਸਿੱਧੇ ਉਨ੍ਹਾਂ ਦੀ ਸਰਕਾਰ ਦੇ ਰੱਖਿਆ ਮੰਤਰੀ ਵੀ.ਪੀ. ਸਿੰਘ ਨੇ ਬੁਲੰਦ ਕੀਤੇ ਸਨ। ਹਾਲਾਂਕਿ ਕਾਂਗਰਸ ਨੇ ਉਸ ਤੋਂ ਬਾਅਦ ਵੀ ਤੇਜ਼ੀ ਨਾਲ ਵਾਪਸੀ ਕੀਤੀ ਪਰ ਉਸ ਵਾਪਸੀ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਾਦਤ ਤੋਂ ਪੈਦਾ ਹੋਈ ਹਮਦਰਦੀ ਨੂੰ ਕਾਰਨ ਮੰਨਿਆ ਗਿਆ ਸੀ।


Anuradha

Content Editor

Related News