‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈ. ਡੀ. ਨੇ 8 ਘੰਟੇ ਕੀਤੀ ਪੁੱਛਗਿੱਛ
Wednesday, Jan 31, 2024 - 11:36 AM (IST)
ਜਲੰਧਰ (ਮ੍ਰਿਦੁਲ)- ਬੀਤੇ ਸਾਲ ਐੱਨ. ਸੀ. ਬੀ. (ਨਾਰਕੋਟਿਕਸ ਬਿਊਰੋ) ਵੱਲੋਂ ਬਹੁ-ਚਰਚਿਤ ਡਰੱਗ ਸਮੱਗਲਰ ਅਕਸ਼ੈ ਛਾਬੜਾ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਇਸ ਮਾਮਲੇ ਦੀ ਜਾਂਚ ’ਚ ਮਨੀ ਲਾਂਡਰਿੰਗ ਤਹਿਤ ਮੰਗਲਵਾਰ ਈ. ਡੀ. ਨੇ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੂੰ ਸੰਮਨ ਭੇਜ ਕੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ। ਲਗਭਗ ਦੁਪਹਿਰ 12 ਵਜੇ ਦਫ਼ਤਰ ਪੁੱਛਗਿੱਛ ਲਈ ਬੁਲਾਏ ਗਏ ਵਿਧਾਇਕ ਕੁਲਵੰਤ ਸਿੰਘ ਤੋਂ ਦੇਰ ਸ਼ਾਮ 8 ਵਜੇ ਤੋਂ ਬਾਅਦ ਤਕ ਈ. ਡੀ. ਅਧਿਕਾਰੀਆਂ ਵੱਲੋਂ ਪੁੱਛਗਿੱਛ ਜਾਰੀ ਰਹੀ।
ਪੰਜਾਬ 'ਚ 'ਆਪ' ਵਿਧਾਇਕ 'ਤੇ ਈ. ਡੀ. ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ ਈ. ਡੀ. ਨੇ 'ਆਪ' ਵਿਧਾਇਕ ਕੁਲਵੰਤ ਸਿੰਘ ਦੀ ਰਿਹਾਇਸ਼ ਸਮੇਤ ਕਈ ਅਹਿਮ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਜਲੰਧਰ ਈ. ਡੀ. ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
ਦੱਸਿਆ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਮੋਹਾਲੀ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਵੀ ਹਨ। ਈ. ਡੀ. ਅਧਿਕਾਰੀਆਂ ਨੂੰ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਲਿਮ. (ਜੇ. ਐੱਲ. ਪੀ. ਐੱਲ.) ਵੱਲੋਂ ਅਕਸ਼ੈ ਛਾਬੜਾ ਨੂੰ ਲੈ ਕੇ ਬਿਜ਼ਨੈੱਸ ’ਚ ਵੀ ਪੈਸੇ ਇਨਵੈਸਟ ਕੀਤੇ ਗਏ ਸਨ, ਜਿਸ ’ਚ ਈ. ਡੀ. ਵੱਲੋਂ ਇਸ ਕੇਸ ਦੀ ਜਾਂਚ ਕਰਦੇ ਹੋਏ ਅਕਸ਼ੈ ਛਾਬੜਾ ਦੇ ਨਿੱਜੀ ਅਤੇ ਕਾਰੋਬਾਰੀ ਬੈਂਕ ਅਕਾਊਂਟ ਦੀ ਜਾਂਚ ਕਰਦਿਆਂ ਮਨੀ ਟਰੇਲ ਤਹਿਤ ਵਿਧਾਇਕ ਕੁਲਵੰਤ ਿਸੰਘ ਖ਼ਿਲਾਫ਼ ਸਬੂਤ ਮਿਲੇ ਹਨ, ਹਾਲਾਂਕਿ ਈ. ਡੀ. ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਈ. ਡੀ. ਅਧਿਕਾਰੀ ਕੁਲਵੰਤ ਸਿੰਘ ਦੇ ਡਰੱਗ ਸਰਗਨਾ ਅਕਸ਼ੈ ਛਾਬੜਾ ਨਾਲ ਸਬੰਧਾਂ ਦੀ ਜਾਂਚ ਕਰ ਰਹੇ ਹਨ। ਨਵੰਬਰ 2022 ਵਿੱਚ ਅਕਸ਼ੈ ਛਾਬੜਾ 20 ਕਿਲੋ ਹੈਰੋਇਨ ਨਾਲ ਫੜਿਆ ਗਿਆ ਸੀ। ਈ. ਡੀ. ਨੂੰ ਕੁਝ ਸਬੂਤ ਮਿਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਨਸ਼ਾ ਤਸਕਰੀ ਲਈ ਹਵਾਲਾ ਪੈਸਾ ਪੰਜਾਬ ਦੇ ਸ਼ਰਾਬ ਦੇ ਠੇਕਿਆਂ 'ਤੇ ਵਰਤਿਆ ਗਿਆ ਸੀ।
ਕੁਲਵੰਤ ਸਿੰਘ 'ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਦਿੱਲੀ 'ਚ ਸ਼ਰਾਬ ਦੇ ਕਾਰੋਬਾਰ 'ਚ ਮਦਦ ਕਰਨ ਦਾ ਦੋਸ਼ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਇਕ ਕੁਲਵੰਤ ਸਿੰਘ ਦੇ ਦੋ ਪ੍ਰਾਜੈਕਟਾਂ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਹੀ ਵਿਧਾਇਕ ਨਿਯਮਾਂ ਦੀ ਉਲੰਘਣਾ ਕਰਕੇ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ ਹਨ। ਈ. ਡੀ. ਦੇ ਅਧਿਕਾਰੀਆਂ ਨੇ ਕੁਲਵੰਤ ਸਿੰਘ ਤੋਂ ਬਰਾਮਦ 4.5 ਕਰੋੜ ਰੁਪਏ ਦੀ ਨਕਦੀ ਬਾਰੇ ਪੁੱਛਗਿੱਛ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇਕ ਹਨ। ਉਹ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕ ਹਨ। ਕੁਲਵੰਤ ਸਿੰਘ ਮੋਹਾਲੀ, ਪੰਜਾਬ ਤੋਂ 'ਆਪ' ਵਿਧਾਇਕ ਹਨ ਅਤੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ। ਉਸ ਦਾ ਟਰਨਓਵਰ 1500 ਕਰੋੜ ਰੁਪਏ ਹੈ। ਉਸ ਕੋਲ ਸੈਕਟਰ 82, ਮੋਹਾਲੀ ਵਿੱਚ ਦੋ ਦੁਕਾਨਾਂ-ਕਮ-ਦਫ਼ਤਰਾਂ ਵਾਲੀ ਦੋ ਵਪਾਰਕ ਇਮਾਰਤਾਂ ਵੀ ਹਨ। ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਕਈ ਜਾਇਦਾਦਾਂ ਦੇ ਮਾਲਕ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।