ਸੁਨੀਲ ਜਾਖੜ ਦਾ ਅਹਿਮ ਬਿਆਨ, ਕਿਹਾ- ਸ਼ਰਾਬ ਦੀ ਕਮਾਈ ਦਾ ਆਰਥਿਕ ਮਾਡਲ ਪੰਜਾਬ ਹਿਤੈਸ਼ੀ ਨਹੀਂ

Tuesday, Jan 04, 2022 - 06:25 PM (IST)

ਸੁਨੀਲ ਜਾਖੜ ਦਾ ਅਹਿਮ ਬਿਆਨ, ਕਿਹਾ- ਸ਼ਰਾਬ ਦੀ ਕਮਾਈ ਦਾ ਆਰਥਿਕ ਮਾਡਲ ਪੰਜਾਬ ਹਿਤੈਸ਼ੀ ਨਹੀਂ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਰਾਬ ਦੀ ਕਮਾਈ ’ਤੇ ਆਧਾਰਿਤ ਆਰਥਿਕ ਮਾਡਲ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਈ ਵੀ ਆਰਥਿਕ ਮਾਡਲ, ਜੋ ਮੁੱਖ ਤੌਰ ’ਤੇ ਸ਼ਰਾਬ ਦੀ ਵਿਕਰੀ ਤੋਂ ਪ੍ਰੇਰਿਤ ਹੈ, ਉਹ ਪੰਜਾਬ ਹਿਤੈਸ਼ੀ ਨਹੀਂ ਹੈ। ਜੇਕਰ ਚਿੱਟਾ ਸ਼ਰਾਪ ਹੈ ਤਾਂ ਸ਼ਰਾਬ ਕੋਈ ਅੰਮ੍ਰਿਤ ਨਹੀਂ ਹੈ। ਕ੍ਰਿਪਾ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਨਾ ਕਰੋ। ਮਿਹਨਤ, ਖ਼ੂਨ, ਪਸੀਨਾ ਹਮੇਸ਼ਾ ਤਰੱਕੀ ਅਤੇ ਖੁਸ਼ਹਾਲੀ ਦਾ ਪੰਜਾਬੀ ਤਰੀਕਾ ਰਿਹਾ ਹੈ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ

ਬੇਸ਼ੱਕ ਜਾਖੜ ਨੇ ਆਪਣੇ ਬਿਆਨ ’ਚ ਕਿਸੇ ਦਾ ਨਾਮ ਨਹੀਂ ਲਿਆ ਪਰ ਇਸ ਬਿਆਨ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਸੋਮਵਾਰ ਨੂੰ ਕੀਤੇ ਗਏ ਐਲਾਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸਿੱਧੂ ਨੇ ਸੋਮਵਾਰ ਨੂੰ ਬਰਨਾਲਾ ’ਚ ਪੰਜਾਬ ਮਾਡਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰੇ ਐਲਾਨਾਂ ਲਈ ਬਜਟ ਅਲਾਟਮੈਂਟ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਸ਼ਰਾਬ ਕਾਰੋਬਾਰ ਨਾਲ 37 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ। ਪੰਜਾਬ ’ਚ ਸੁਖਨਾ ਲੇਕ ਤੋਂ ਜ਼ਿਆਦਾ ਸ਼ਰਾਬ ਦੀ ਖਪਤ ਹੈ ਪਰ ਪੰਜਾਬ ਕੇਵਲ 3 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਦਾ ਹੈ। 2002 ’ਚ ਤਾਮਿਲਨਾਡੂ ਢਾਈ ਹਜ਼ਾਰ ਕਰੋੜ ਰੁਪਏ ਕਮਾਉਂਦਾ ਸੀ ਅਤੇ ਪੰਜਾਬ 2 ਹਜ਼ਾਰ ਕਰੋੜ ਰੁਪਏ ਅਤੇ ਹੁਣ ਤਾਮਿਲਨਾਡੂ 37 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ। ਇਹ ਸਾਰੀ ਕਮਾਈ ਮੁੱਖ ਮੰਤਰੀ ਅਤੇ ਪਾਰਟੀ ਦੇ ਹੱਥ ’ਚ ਹੈ।

ਇਹ ਵੀ ਪੜ੍ਹੋ : ਰੰਧਾਵਾ ਦੀ ਚਿੱਠੀ 'ਤੇ ਹਰਜਿੰਦਰ ਧਾਮੀ ਦੀ ਤਿੱਖੀ ਪ੍ਰਤੀਕਿਰਿਆ, ਕਿਹਾ- ਦਾਇਰੇ 'ਚ ਰਹਿਣ ਉੱਪ ਮੁੱਖ ਮੰਤਰੀ

ਨਵਜੋਤ ਸਿੱਧੂ ਅਨੁਸਾਰ ਪਿਛਲੇ ਕਈ ਸਾਲਾਂ ਦੇ ਰਾਜਨੀਤਿਕ ਅਨੁਭਵ ਅਤੇ ਪੰਜਾਬ ਦੀ ਅਥਾਹ ਸਮਰੱਥਾ ਅਤੇ ਇੱਥੋਂ ਦੇ ਕੁਦਰਤੀ ਸੋਮਿਆਂ ਦੇ ਅਧਿਐਨ ਤੋਂ ਬਾਅਦ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਵਿਕਾਸ ਦੇ ‘ਪੰਜਾਬ ਮਾਡਲ’ ਦਾ ਉਦੇਸ਼ ਸੂਬੇ ਦੇ ਵਸੀਲਿਆਂ ਤੋਂ ਆਮਦਨ ਦੇ ਨੱਕੇ ਪੰਜਾਬ ਦੇ ਖ਼ਜ਼ਾਨੇ ਵੱਲ ਮੋੜਣੇ ਅਤੇ ਲੋਕਾਂ ਦੇ ਪੈਸੇ ਨੂੰ ਸੂਬੇ ਦੇ ਖਜ਼ਾਨੇ ਵਿਚ ਵਾਪਸ ਲਿਆ ਕੇ ਇਸ ਨੂੰ ਕਤਾਰ ਵਿਚ ਖੜ੍ਹੇ ਆਖਰੀ ਵਿਅਕਤੀ ਦੀ ਭਲਾਈ ਉੱਪਰ ਖ਼ਰਚ ਕਰਨਾ ਹੈ। ਉਨ੍ਹਾਂ ਅਨੁਸਾਰ‘ਪੰਜਾਬ ਮਾਡਲ’ ਦਾ ਵਿਸ਼ਾਲ ਉਦੇਸ਼ ਅਧੀਨ ਹੀ ਮਾਫ਼ੀਆ ਦੀਆਂ ਜੇਬਾਂ ਵਿਚੋਂ ਪੈਸਾ ਕਢਵਾਉਣਾ ਅਤੇ ਔਰਤ ਸਮਾਜ ਦੇ ਸਸ਼ਕਤੀਕਰਨ ਵਿਚ ਨਿਵੇਸ਼ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਉਹ ਅਧਿਕਾਰ ਦਿੱਤੇ ਜਾ ਸਕਣ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਅਤੇ ਅੱਗੇ ਹੋ ਕੇ ਅਗਵਾਈ ਕਰਨ ਦੇ ਯੋਗ ਬਣਾਇਆ ਜਾ ਸਕੇ।

ਨੋਟ:  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?


author

Harnek Seechewal

Content Editor

Related News