ਲੋਕਾਂ ਦੀ ਖੱਜਲ-ਖੁਆਰੀ ਹੋਵੇਗੀ ਖਤਮ, ਮੋਹਾਲੀ ''ਚ ਈ-ਵਾਟਰ ਬਿੱਲ ਦੀ ਸ਼ੁਰੂਆਤ

04/21/2018 7:43:08 AM

ਮੋਹਾਲੀ  (ਕੁਲਦੀਪ) - ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਆਪਣੇ ਵਲੋਂ ਵਿਕਸਿਤ ਕੀਤੀਆਂ ਸਾਰੀਆਂ ਸ਼ਹਿਰੀ ਮਿਲਖਾਂ ਦੇ ਵਸਨੀਕਾਂ ਨੂੰ ਈ-ਵਾਟਰ ਬਿੱਲ ਦੀ ਸਹੂਲਤ ਮੁਹੱਈਆ ਕਰਵਾਉਣ ਜਾ ਰਿਹਾ ਹੈ। ਗਮਾਡਾ ਦੇ ਅਧਿਕਾਰ ਖੇਤਰ ਵਿਚ ਸੈਕਟਰ-78 ਵਿਖੇ ਵਸਨੀਕਾਂ ਨੂੰ ਇਲੈਕਟ੍ਰਾਨਿਕ ਵਾਟਰ ਬਿੱਲ ਦੇ ਕੇ ਇਹ ਸੇਵਾ ਇਕ ਪਾਇਲਟ ਪ੍ਰਾਜੈਕਟ ਵਜੋਂ ਅੱਜ ਸ਼ੁਰੂ ਕੀਤੀ ਗਈ। ਵਿਭਾਗ ਦੀ ਇਹ ਪਹਿਲਕਦਮੀ ਵਸਨੀਕਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ ਕਿਉਂਕਿ ਇਸ ਸਹੂਲਤ ਨਾਲ ਉਨ੍ਹਾਂ ਨੂੰ ਪਾਣੀ ਦੇ ਬਿੱਲ ਜਮ੍ਹਾ ਕਰਵਾਉਣ ਲਈ ਵੱਖ-ਵੱਖ ਅਥਾਰਟੀਆਂ ਦੇ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੇ ਦੱਸਿਆ ਕਿ ਅਥਾਰਟੀਆਂ ਦੇ ਮੁਲਾਜ਼ਮ ਕਿਸੇ ਘਰ ਵਿਚ ਜਾ ਕੇ ਪਾਣੀ ਦੇ ਬਿੱਲ ਦੀ ਰਾਸ਼ੀ ਕੈਲਕੂਲੇਟ ਕਰਕੇ ਮੌਕੇ 'ਤੇ ਹੀ ਆਪਣੇ ਕੋਲ ਮੌਜੂਦ ਥਰਮਲ ਪ੍ਰਿੰਟਰ ਦੀ ਸਹਾਇਤਾ ਨਾਲ ਇਲੈਕਟ੍ਰਾਨਿਕ ਬਿੱਲ ਦੀ ਕਾਪੀ ਦਾ ਪਿੰ੍ਰਟ ਕੱਢ ਕੇ ਖਪਤਕਾਰ ਨੂੰ ਦੇਣਗੇ। ਇਸ ਦੇ ਨਾਲ ਹੀ ਖਪਤਕਾਰ ਨੂੰ ਐੱਸ. ਐੱਮ. ਐੱਸ. ਰਾਹੀਂ ਬਿੱਲ ਦੀ ਡਲਿਵਰੀ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ ਤੇ ਇਕ ਨਿਵੇਕਲੇ ਲਿੰਕ ਰਾਹੀਂ ਖਪਤਕਾਰ ਨੂੰ ਆਨਲਾਈਨ ਗੇਟਵੇ ਸਿਸਟਮ ਰਾਹੀਂ ਬਿੱਲ ਦਾ ਭੁਗਤਾਨ ਕਰਨ ਦੀ ਸਹੂਲਤ ਮਿਲ ਜਾਵੇਗੀ।
ਇਸ ਸਹੂਲਤ ਦੇ ਦੂਜੇ ਪੜਾਅ ਵਿਚ ਅਗਲੇ ਬਿਲਿੰੰਗ ਸਰਕਲ ਤੋਂ ਇਕ ਐਪ ਆਮ ਜਨਤਾ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਭਾਵ ਹੈ ਕਿ ਇਸ ਐਪ ਨੂੰ ਆਪਣੇ ਮੋਬਾਇਲ 'ਤੇ ਇੰਸਟਾਲ ਕਰਕੇ ਖਪਤਕਾਰ ਆਪਣੇ ਪਾਣੀ ਦੇ ਮੀਟਰ ਨੂੰ ਸਕੈਨ ਕਰਕੇ ਇਕ ਕੋਡ ਜਨਰੇਟ ਕਰ ਸਕਣਗੇ। ਇਸ ਉਪਰੰਤ ਉਨ੍ਹਾਂ ਦੇ ਮੋਬਾਇਲ 'ਤੇ ਬਿੱਲ ਨਾਲ ਸਬੰਧਤ ਵੇਰਵੇ ਉਪਲਬਧ ਹੋ ਜਾਣਗੇ ਤੇ ਖਪਤਕਾਰ ਬਿੱਲ ਦੀ ਅਦਾਇਗੀ ਆਨਲਾਈਨ ਜਾਂ ਦਫਤਰ ਵਿਚ ਜਾ ਕੇ ਕਰ ਸਕਣਗੇ। ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਿੰਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਸਹੂਲਤ ਅੱਜ ਮੋਹਾਲੀ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਮਹੀਨੇ ਤੋਂ ਸੂਬੇ ਦੀਆਂ ਸਾਰੀਆਂ ਸ਼ਹਿਰੀ ਮਿਲਖਾਂ ਵਿਚ ਈ-ਵਾਟਰ ਬਿੱਲ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ।


Related News