ਹੁਣ ਈ-ਰਿਕਸ਼ਾ ''ਤੇ ਵੀ ਲੱਗਣਗੇ ਨੰਬਰ, ਸਰਕਾਰ ਵਲੋਂ ਹੁਕਮ ਜਾਰੀ

10/13/2019 6:17:10 PM

ਪਟਿਆਲਾ (ਜੋਸਨ) : ਸੜਕਾਂ 'ਤੇ ਹਰੇ, ਗੈਰ-ਪ੍ਰਦੂਸ਼ਤ ਅਤੇ ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ ਸਮੇਤ ਹੋਰ ਵਾਹਨਾਂ ਨੂੰ ਹੁਣ ਰਜਿਸਟ੍ਰੇਸ਼ਨ ਕਰਵਾ ਕੇ ਬਕਾਇਦਾ ਨੰਬਰ ਲਗਾਏ ਜਾਣਗੇ। ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ ਹੁਕਮ ਦਿੱਤੇ ਹਨ ਕਿ ਸਰਕਾਰ ਫਿਲਹਾਲ ਲਗਭਗ 2 ਸਾਲ ਲਈ ਕੋਈ ਵੀ ਟੈਕਸ ਨਹੀਂ ਲਵੇਗੀ ਅਤੇ ਵਾਹਨ ਮਾਲਕ ਨੂੰ ਮਹਿਜ਼ ਰਜਿਸਟਰੇਸ਼ਨ ਫੀਸ ਹੀ ਦੇਣੀ ਪਵੇਗੀ। ਇਹ ਰਜਿਸਟ੍ਰੇਸ਼ਨ ਫੀਸ ਭਰ ਕੇ ਆਪਣੇ ਈ-ਵਾਹਨ ਨੂੰ ਨੰਬਰ ਲਗਾਇਆ ਜਾਵੇ। ਇਸ ਤੋਂ ਇਲਾਵਾ ਈ-ਵਾਹਨ ਦੇ ਸਮੂਹ ਏਜੰਸੀ ਮਾਲਕਾਂ ਨੂੰ ਵੀ ਸਰਕਾਰ ਨੇ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਨੰਬਰ ਲਗਾਇਆ ਕੋਈ ਵੀ ਵਾਹਨ ਏਜੰਸੀ 'ਚੋਂ ਸੜਕ 'ਤੇ ਨਾ ਉਤਾਰਿਆ ਜਾਵੇ। ਅਜਿਹੀ ਸੂਰਤ ਵਿਚ ਏਜੰਸੀ ਮਾਲਕ ਦਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਰਜਿਸਟ੍ਰੇਸ਼ਨ ਫੀਸਾਂ ਤੋਂ ਛੋਟ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਸਰਕਾਰ ਦਾ ਮਕਸਦ ਬੈਟਰੀ ਨਾਲ ਚੱਲਣ ਵਾਲੀਆਂ ਜਾਂ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣਾ ਹੈ। ਸਰਕਾਰ ਨੇ ਕੇਂਦਰੀ ਮੋਟਰ ਵਾਹਨ ਨਿਯਮਾ 1989 ਤਹਿਤ ਵੱਖਰੇ ਰਜਿਸਟ੍ਰੇਸ਼ਨ ਫੀਸ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਹੈ।ਇਸ ਨੋਟੀਫਿਕੇਸਨ ਰਾਹੀਂ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਜਾਂ ਨਵੀਨੀਕਰਣ ਅਤੇ ਨਵੇਂ ਰਜਿਸਟ੍ਰੇਸ਼ਨ ਨਿਸ਼ਾਨ ਦੀ ਨਿਯੁਕਤੀ ਦੇ ਉਦੇਸ਼ ਨਾਲ ਫੀਸਾਂ ਦੀ ਅਦਾਇਗੀ ਤੋਂ ਛੋਟ ਦੇਣ ਦਾ ਪ੍ਰਸਤਾਵ ਹੈ। ਇਸ ਦਾ ਅਰਥ ਹੈ ਕਿ ਇਲੈਕਟ੍ਰਿਕ ਵਾਹਨਾਂ ਨੂੰ ਇਸ ਤਰ੍ਹਾਂ ਦੇ ਰਜਿਸਟ੍ਰੇਸ਼ਨ ਖਰਚਿਆਂ ਤੋਂ ਛੋਟ ਮਿਲੇਗੀ। ਇਸ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਤਹਿਤ ਬੈਟਰੀ ਨਾਲ ਚੱਲਣ ਵਾਲੀਆਂ ਦੋ, ਤਿੰਨ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਤਾਜ਼ਾ ਰਜਿਸਟ੍ਰੇਸ਼ਨ ਜਾਂ ਸਰਟੀਫਿਕੇਟ ਦੇ ਨਵੀਨੀਕਰਣ ਲਈ ਟੈਕਸਂ ਦਾ ਭੁਗਤਾਨ ਨਹੀਂ ਕਰਨਾ ਪਏਗਾ, ਸਿਰਫ ਰਜਿਸਟਰੇਸ਼ਨ ਫੀਸ ਹੀ ਦੇਣੀ ਹੋਵੇਗੀ।

ਭਾਰਤ ਵਿਚ ਇਲੈਕਟ੍ਰਿਕ ਵਾਹਨ ਕ੍ਰਾਂਤੀ ਜ਼ੋਰ ਫੜ ਰਹੀ ਹੈ ਜ਼ੋਰ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਇਕ ਇਲੈਕਟ੍ਰਿਕ ਵਾਹਨ ਕ੍ਰਾਂਤੀ ਜ਼ੋਰ ਫੜ ਰਹੀ ਹੈ। ਅਕਤੂਬਰ 2018 ਤਕ ਭਾਰਤ ਕੋਲ ਲਗਭਗ 15 ਲੱਖ ਬੈਟਰੀ ਨਾਲ ਚੱਲਣ ਵਾਲੇ ਤਿੰਨ ਪਹੀਆ ਈ-ਰਿਕਸ਼ਾ ਸਨ। ਉਧਰ ਭਾਰਤ ਸਰਕਾਰ ਦੋਪਹੀਆ ਵਾਹਨ ਤੋਂ ਲੈ ਕੇ ਬੱਸਾਂ ਤੱਕ ਦੇ ਫਲੀਟ ਆਪ੍ਰੇਸ਼ਨ ਅਤੇ ਸਰਵਜਨਕ ਆਵਾਜਾਈ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰ ਰਹੀ ਹੈ। ਬੈਟਰੀ ਨਾਲ ਚੱਲਣ ਵਾਲੀਆਂ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜਿੰਗ ਅਤੇ ਬੈਟਰੀ-ਸਵੈਪਿੰਗ ਸਟੇਸ਼ਨਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲੋੜ ਦੇ ਮੱਦੇਨਜ਼ਰ ਸਰਕਾਰ 2022 ਤਕ ਦੇਸ਼ ਭਰ ਵਿਚ 2,800 ਚਾਰਜਿੰਗ ਪੁਆਇਟ ਕਰਨ ਦੀ ਯੋਜਨਾ ਬਣਾ ਰਹੀ ਹੈ।

ਹਰ ਵਹੀਕਲ ਦਾ ਰਿਕਾਰਡ ਰੱਖਣਾ ਜ਼ਰੂਰੀ : ਅਰਵਿੰਦ ਕੁਮਾਰ
ਪਟਿਆਲਾ (ਜੋਸਨ) : ਸੀਨੀਅਰ ਪੀ. ਸੀ. ਐੱਸ. ਅਧਿਕਾਰੀ 'ਤੇ ਜ਼ਿਲੇ ਦੇ ਆਰ. ਟੀ. ਏ. ਅਰਵਿੰਦ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਚੱਲ ਰਹੇ ਹਰ ਵਹੀਕਲ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸਾਡੇ ਕੋਲ ਲਗਭਗ 150 ਵਾਹਨ ਰਜਿਸਟਰਡ ਹੋ ਚੁੱਕੇ ਹਨ ਤੇ ਬਾਕੀਆਂ ਨੂੰ ਵੀ ਕੀਤਾ ਜਾ ਰਿਹਾ ਹੈ। ਅਰਵਿੰਦ ਕੁਮਾਰ ਨੇ ਕਿਹਾ ਕਿ ਕੋਈ ਵੀ ਘਟਨਾ ਜੇਕਰ ਵਾਪਰਦੀ ਹਾਂ ਤਾ ਘੱਟੋ ਘੱਟ ਸਾਡੇ ਕੋਲ ਰਿਕਾਰਡ ਤਾਂ ਮੌਜੂਦ ਹੋਣਾ ਚਾਹੀਦਾ ਹੈ।


Gurminder Singh

Content Editor

Related News