ਜਾਣੋ ਕਿਉਂ ਵੱਡੇ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ ''ਦਿਆਲ ਸਿੰਘ ਕੋਲਿਆਂਵਾਲੀ'' (ਵੀਡੀਓ)
Tuesday, Mar 16, 2021 - 06:26 PM (IST)
ਸ੍ਰੀ ਮੁਕਤਸਰ ਸਾਹਿਬ : ਅਕਾਲੀ ਦਲ ਨਾਲ ਸਬੰਧਿਤ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ' ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਦਿਆਲ ਸਿੰਘ ਕੋਲਿਆਂਵਾਲੀ ਪਿਛਲੇ ਇਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜੋ ਸੋਮਵਾਰ ਸਵੇਰੇ ਦਿੱਲੀ ਦੇ ਮੇਦਾਂਤਾ ਹਸਪਤਾਲ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਮੁਕਤਸਰ ਜ਼ਿਲ੍ਹੇ ਤੋਂ ਅਕਾਲੀ ਦਲ ਦੇ ਪ੍ਰਧਾਨ ਰਹੇ ਦਿਆਲ ਸਿੰਘ ਕੋਲਿਆਂਵਾਲੀ ਪ੍ਰਕਾਸ਼ ਸਿੰਘ ਬਾਦਲ ਦੇ ਇੰਨੇ ਕਰੀਬੀ ਸਨ ਕਿ ਉਨ੍ਹਾਂ ਨੂੰ 'ਮਿੰਨੀ ਬਾਦਲ' ਵੀ ਕਿਹਾ ਜਾਂਦਾ ਸੀ। ਦਿਆਲ ਸਿੰਘ ਕੋਲਿਆਂਵਾਲੀ ਨੂੰ ਵੱਡੇ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ 'ਚ ਕੋਲਿਆਂਵਾਲੀ ਦੀ ਗੱਲ ਨੂੰ ਕੋਈ ਵੀ ਨਕਾਰਦਾ ਨਹੀਂ ਸੀ। ਬਾਦਲ ਪਰਿਵਾਰ ਨਾਲ ਨਜ਼ਦੀਕੀ ਅਤੇ ਕਰੋੜਾਂ ਦੀ ਜਾਇਦਾਦ ਹੋਣ ਕਾਰਨ ਦਿਆਲ ਸਿੰਘ ਕੋਲਿਆਂਵਾਲੀ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ। ਵਿਰੋਧੀ ਧਿਰਾਂ ਇਹ ਵੀ ਇਲਜ਼ਾਮ ਲਗਾਉਂਦੀਆਂ ਰਹੀਆਂ ਕਿ ਦਿਆਲ ਸਿੰਘ ਕੋਲਿਆਂਵਾਲੀ ਡੰਡੇ ਦੇ ਜ਼ੋਰ 'ਤੇ ਲੋਕਾਂ ਤੋਂ ਕੰਮ ਕਰਾਉਂਦੇ ਸਨ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮੁੜ ਬੰਦ ਹੋ ਸਕਦੇ ਨੇ 'ਚੋਣਵੇਂ ਆਪਰੇਸ਼ਨ'
ਸਰਪੰਚੀ ਦੀਆਂ ਚੋਣਾਂ ਜਿੱਤ ਕੇ ਕੀਤੀ ਸੀ ਸਿਆਸਤ ਦੀ ਸ਼ੁਰੂਆਤ
ਦਿਆਲ ਸਿੰਘ ਕੋਲਿਆਂਵਾਲੀ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਸਿਆਸਤ ਦੀ ਸ਼ੁਰੂਆਤ ਆਪਣੇ ਹੀ ਪਿੰਡ 'ਚ ਸਰਪੰਚੀ ਦੀਆਂ ਚੋਣਾਂ ਜਿੱਤਣ ਨਾਲ ਕੀਤੀ। ਸ਼ੁਰੂਆਤੀ ਦੌਰ 'ਚ ਦਿਆਲ ਸਿੰਘ ਕੋਲਿਆਂਵਾਲੀ ਲੰਬੀ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਸਵੀਰ ਸਿੰਘ ਕੱਖਾਂਵਾਲੀ ਦੇ ਨਜ਼ਦੀਕ ਸਨ ਪਰ ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਦਿਆਲ ਸਿੰਘ ਬਾਦਲ ਪਰਿਵਾਰ ਦੇ ਨੇੜੇ ਆ ਗਏ। ਇਸ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਦਿਆਲ ਸਿੰਘ ਨੇ ਅਕਾਲੀ ਦਲ ਦੇ ਲੇਖੇ ਲਾ ਦਿੱਤੀ। ਕੋਲਿਆਂਵਾਲੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਸਨ। ਇਸ ਦੇ ਨਾਲ ਹੀ ਸੇਵਾ ਚੋਣ ਬੋਰਡ ਦੇ ਮੈਂਬਰ ਵੀ ਸਨ। ਉਹ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ
ਕੋਲਿਆਂਵਾਲੀ ਅਤੇ ਵਿਵਾਦ
ਦਿਆਲ ਸਿੰਘ ਕੋਲਿਆਂਵਾਲੀ ਨੇ ਮਲੋਟ ਖੇਤੀਬਾੜੀ ਵਿਕਾਸ ਬੈਂਕ ਤੋਂ ਤਕਰੀਬਨ ਇੱਕ ਕਰੋੜ ਰੁਪਏ ਦਾ ਕਰਜ਼ਾ ਲਿਆ, ਜਿਸ ਦੀ ਅਦਾਇਗੀ ਨਾ ਕਰਨ 'ਤੇ ਉਹ ਲੰਬਾ ਸਮਾਂ ਵਿਵਾਦਾਂ 'ਚ ਘਿਰੇ ਰਹੇ। ਇਸ ਤੋਂ ਬਾਅਦ ਦਿਆਲ ਸਿੰਘ ਕੋਲਿਆਂਵਾਲੀ ਦਾ ਨਾਮ ਪਾਵਰਕਾਮ ਦਾ ਹਜ਼ਾਰਾਂ ਰੁਪਏ ਦਾ ਬਿੱਲ ਨਾ ਭਰਨ ਕਰਕੇ ਵੀ ਸੁਰਖੀਆਂ 'ਚ ਰਿਹਾ। ਫਿਰ ਨੌਕਰੀ ਘਪਲਾ ਮਾਮਲੇ 'ਚ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਕਾਰਨ ਵਿਜੀਲੈਂਸ ਮਹਿਕਮੇ ਨੇ ਵੀ ਕੋਲਿਆਂਵਾਲੀ 'ਤੇ ਕੇਸ ਦਰਜ ਕੀਤਾ ਸੀ 2018 'ਚ ਇਸ ਕੇਸ 'ਚ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਰਵਰੀ 2019 'ਚ ਜ਼ਮਾਨਤ ਵੀ ਮਿਲ ਗਈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਫ਼ੌਜ 'ਚ ਭਰਤੀ ਮਾਮਲੇ ਸਬੰਧੀ 'ਦੂਜੇ ਨੰਬਰ' 'ਤੇ ਸੂਬਾ
ਦਸੰਬਰ 2004 ਵਿੱਚ ਦਿਆਲ ਸਿੰਘ ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਦਾ ਨਾਮ ਇੱਕ ਕਤਲ ਕੇਸ ਨਾਲ ਵੀ ਜੁੜਿਆ, ਜਿਸ 'ਚ 2011 'ਚ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੋਲਿਆਂਵਾਲੀ ਦੇ ਘਰੋਂ ਸ਼ੱਕੀ ਪਦਾਰਥ ਦੇ 15 ਪੈਕੇਟ ਜ਼ਬਤ ਕੀਤੇ ਗਏ ਸਨ, ਪਰ ਇਸ ਕੇਸ 'ਚ ਕੋਲਿਆਂਵਾਲੀ ਬਰੀ ਹੋ ਗਏ ਸਨ। ਇਨ੍ਹਾਂ ਵਿਵਾਦਾਂ 'ਚ ਘਿਰੇ ਹੋਣ ਦੇ ਬਾਵਜੂਦ ਜਦੋਂ ਵੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਸਵਾਲ ਪੁੱਛੇ ਜਾਂਦੇ ਤਾਂ ਉਹ ਬੜੀ ਬੇਬਾਕੀ ਨਾਲ ਉਸ ਦਾ ਜਵਾਬ ਦਿੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ