ਹੁਣ ਬੋਰਡ ਪ੍ਰੀਖਿਆ ''ਚ ਦੂਜੇ ਜ਼ਿਲੇ ਦੇ ਆਬਜ਼ਰਵਰ ਦੇਣਗੇ ਡਿਊਟੀ
Sunday, Oct 29, 2017 - 07:30 AM (IST)
ਲੁਧਿਆਣਾ (ਵਿੱਕੀ) - ਪੰਜਾਬ ਸਕੂਲ ਸਿੱਖਿਆ ਬੋਰਡ ਮਾਰਚ 'ਚ ਲਈਆਂ ਜਾਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਨਕਲ ਰੋਕਣ ਲਈ ਇਸ ਵਾਰ ਹੋਰ ਸਖਤੀ ਕਰਨ ਦੇ ਮੂਡ ਵਿਚ ਹੈ। ਇਸ ਲਈ ਬੋਰਡ ਨੇ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ 'ਚ ਅੰਤਰ ਜ਼ਿਲਾ ਆਬਜ਼ਰਵਰ ਲਾਉਣ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸਹਾਇਕ ਸਕੱਤਰ ਵੱਲੋਂ ਸੂਬੇ ਦੇ ਸਮੂਹ ਸਰਕਲ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਪੱਤਰ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਹੀ ਨਹੀਂ, ਇਸ ਵਾਰ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਫੈਸਲਾ ਵੀ ਲੈ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੋਰਡ ਵੱਲੋਂ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇ ਦਿਨ ਹੀ ਸਬੰਧਤ ਜ਼ਿਲੇ ਦੇ ਸਰਕਾਰੀ ਸਕੂਲ ਦੇ ਕਿਸੇ ਲੈਕਚਰਾਰ ਦੀ ਡਿਊਟੀ ਬਤੌਰ ਆਬਜ਼ਰਵਰ ਲਾਈ ਜਾਂਦੀ ਸੀ।
ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਹੋ ਰਹੇ ਨਵੇਂ ਤੋਂ ਨਵੇਂ ਬਦਲਾਅ
ਸਹਾਇਕ ਸਕੱਤਰ ਵੱਲੋਂ ਭੇਜੇ ਗਏ ਪੱਤਰ ਵਿਚ ਉਕਤ ਫੈਸਲੇ ਸਬੰਧੀ ਬੋਰਡ ਦੀਆਂ 14 ਜੁਲਾਈ ਨੂੰ ਪ੍ਰੀਖਿਆਵਾਂ ਦੀ ਮੌਜੂਦਾ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਅਤੇ ਅਸਰਦਾਰ ਬਣਾਉਣ ਤੇ ਨਕਲ ਰਹਿਤ ਕਰਵਾਉਣ ਨੂੰ ਲੈ ਕੇ ਰੱਖੀ ਗਈ ਮੀਟਿੰਗ ਦੌਰਾਨ ਹੋਏ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ। ਸੂਬੇ ਦੇ ਸਕੂਲ ਸਿੱਖਿਆ ਸਕੱਤਰ ਦਾ ਅਹੁਦਾ ਸੰਭਾਲ ਰਹੇ ਆਈ. ਏ. ਐੱਸ. ਅਧਿਕਾਰੀ ਕ੍ਰਿਸ਼ਨ ਕੁਮਾਰ ਹੀ ਮੌਜੂਦਾ ਸਮੇਂ 'ਚ ਬੋਰਡ ਦੇ ਚੇਅਰਮੈਨ ਹਨ ਤੇ ਆਏ ਦਿਨ ਬੋਰਡ ਦੀ ਕਾਰਜਪ੍ਰਣਾਲੀ ਵਿਚ ਨਵੇਂ ਤੋਂ ਨਵੇਂ ਬਦਲਾਅ ਦੇਖਣ ਨੂੰ ਮਿਲ ਰਹੇ ਹਨ।
ਹਰ ਅਧਿਆਪਕ ਨੂੰ ਦੇਣੀ ਪਵੇਗੀ ਪ੍ਰੀਖਿਆ ਡਿਊਟੀ
ਪੀ. ਐੱਸ. ਈ. ਬੀ. ਵੱਲੋਂ ਲਏ ਗਏ ਹੋਰ ਫੈਸਲੇ ਮੁਤਾਬਕ ਸਮੂਹ ਸਰਕਲ ਅਫਸਰਾਂ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਹਰ ਅਧਿਆਪਕ ਲਈ ਪ੍ਰੀਖਿਆ ਨਾਲ ਸਬੰਧਤ ਡਿਊਟੀ ਕਰਨੀ ਲਾਜ਼ਮੀ ਹੋਵੇਗੀ, ਜੇਕਰ ਕੋਈ ਹੈਂਡੀਕੈਪਡ ਜਾਂ ਬੀਮਾਰੀ ਦੀ ਸੂਰਤ ਵਿਚ ਡਿਊਟੀ ਨਹੀਂ ਦੇ ਸਕਦਾ ਤਾਂ ਉਸ ਨੂੰ ਘੱਟੋ-ਘੱਟ ਸੀ. ਐੱਮ. ਓ. ਪੱਧਰ ਦਾ ਮੈਡੀਕਲ ਸਰਟੀਫਿਕੇਟ ਬੋਰਡ ਜਾਂ ਆਪਣੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਦੇਣਾ ਹੋਵੇਗਾ।
ਈ. ਟੀ. ਟੀ. ਅਧਿਆਪਕ ਵੀ ਕਰਨਗੇ ਨਿਗਰਾਨ ਡਿਊਟੀ
ਇਹੀ ਨਹੀਂ, ਬੋਰਡ ਨੇ ਇਸ ਵਾਰ ਈ. ਟੀ. ਟੀ. ਅਧਿਆਪਕਾਂ ਨੂੰ ਵੀ ਨਿਗਰਾਨ ਵਜੋਂ ਪ੍ਰੀਖਿਆ ਡਿਊਟੀ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਬੋਰਡ ਦੇ ਇਸ ਫੈਸਲੇ ਨਾਲ ਪ੍ਰੀਖਿਆਵਾਂ ਦੇ ਦਿਨਾਂ ਵਿਚ ਐਨ ਮੌਕੇ 'ਤੇ ਕੁਝ ਪ੍ਰੀਖਿਆ ਕੇਂਦਰਾਂ ਵਿਚ ਹੋਣ ਵਾਲੇ ਨਿਗਰਾਨਾਂ ਦੀ ਗਿਣਤੀ ਨੂੰ ਪੂਰਾ ਕਰਨ ਵਿਚ ਵੀ ਮਦਦ ਮਿਲੇਗੀ।
