ਲੁਧਿਆਣਾ ''ਚ ਫੂਕਿਆ ਜਾਵੇਗਾ 35 ਫੁੱਟ ਦਾ ''ਰਾਵਣ'', ਤਿਆਰੀਆਂ ''ਚ ਲੱਗਾ ਮੁਸਲਿਮ ਪਰਿਵਾਰ

Thursday, Oct 22, 2020 - 12:49 PM (IST)

ਲੁਧਿਆਣਾ ''ਚ ਫੂਕਿਆ ਜਾਵੇਗਾ 35 ਫੁੱਟ ਦਾ ''ਰਾਵਣ'', ਤਿਆਰੀਆਂ ''ਚ ਲੱਗਾ ਮੁਸਲਿਮ ਪਰਿਵਾਰ

ਲੁਧਿਆਣਾ (ਨਰਿੰਦਰ) : ਚੰਗਿਆਈ ਦੀ ਬੁਰਾਈ 'ਤੇ ਜਿੱਤ ਦਾ ਤਿਉਹਾਰ ਦੁਸਹਿਰਾ ਹਰ ਸਾਲ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਬਹੁਤ ਇਕੱਠ ਤੋਂ ਮਨਾਹੀ ਹੈ, ਜਿਸ ਕਰਕੇ ਰਾਵਣ ਦਾ ਆਕਾਰ ਘਟਾ ਦਿੱਤਾ ਗਿਆ ਹੈ। ਲੁਧਿਆਣਾ ਦੇ ਦਰੇਸੀ ਗਰਾਊਂਡ 'ਚ ਕਿਸੇ ਸਮੇਂ 90 ਫੁੱਟ ਤੋਂ ਵੀ ਉੱਚਾ ਹੁੰਦਾ ਰਾਵਣ ਦਾ ਪੁਤਲਾ ਇਸ ਵਾਰ 35 ਫੁੱਟ ਦਾ ਬਣਾ ਕੇ ਹੀ ਫੂਕਿਆ ਜਾਣਾ ਹੈ।

ਇਸ ਵਾਰ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਨਹੀਂ ਫੂਕੇ ਜਾਣਗੇ। ਇੱਥੋਂ ਦਾ ਮੁਸਲਿਮ ਪਰਿਵਾਰ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਰਾਵਣ ਦੇ ਪੁਤਲੇ ਬਣਾਉਣ ਵਾਲੇ ਅਸਗਰ ਅਲੀ ਨੇ ਦੱਸਿਆ ਕਿ ਚਾਰ ਪੀੜ੍ਹੀਆਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰਦੇ ਹਨ, ਹਾਲਾਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਬੇਟਾ ਸਾਫਟਵੇਅਰ ਇੰਜੀਨੀਅਰ ਹੈ, ਜਦੋਂ ਕਿ ਬੇਟੀ ਸਰਕਾਰੀ ਨੌਕਰੀ ਕਰਦੀ ਹੈ ਪਰ ਇਸ ਦੇ ਬਾਵਜੂਦ ਆਪਣਾ ਪੁਸ਼ਤੈਨੀ ਕੰਮ ਨਹੀਂ ਛੱਡ ਰਹੇ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਪੁਤਲੇ ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਲਈ ਵੀ ਸਪਲਾਈ ਹੁੰਦੇ ਹਨ। ਅਸਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਿੰਦੂ ਧਰਮ ਦੇ ਤਿਉਹਾਰ 'ਤੇ ਉਹ ਵੀ ਯੋਗਦਾਨ ਪਾਉਂਦੇ ਹਨ। ਉਧਰ ਦੂਜੇ ਪਾਸੇ ਅਸਗਰ ਦੇ ਬੇਟੇ ਇਮਰਾਨ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਹੈ ਅਤੇ ਉਸ ਨੂੰ ਆਪਣਾ ਪੁਸ਼ਤੈਨੀ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਹੈ।

ਉਸ ਨੇ ਦੱਸਿਆ ਕਿ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਰਾਵਣ ਨੂੰ 5 ਮਿੰਟ 'ਚ ਹੀ ਫੂਕ ਦਿੱਤਾ ਜਾਂਦਾ ਹੈ ਪਰ ਇਹ ਧਰਮ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਜ਼ਾਹਿਰ ਹੈ ਕਿ ਦੇਸ਼ 'ਚ ਮੌਜੂਦਾ ਹਾਲਾਤ ਧਰਮਾਂ ਨੂੰ ਵੱਖ-ਵੱਖ ਜ਼ਰੂਰ ਕਰਦੇ ਹਨ ਪਰ ਸਾਡੇ ਰੀਤੀ-ਰਿਵਾਜ ਅਤੇ ਤਿਉਹਾਰ ਵੱਖ-ਵੱਖ ਧਰਮਾਂ ਨੂੰ ਇੱਕ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਨਿਰਪੱਖ ਦੇਸ਼ ਹੈ।


author

Babita

Content Editor

Related News