ਕਬੱਡੀ ਟੂਰਨਾਮੈਂਟ ਦੌਰਾਨ ਭਿਡ਼ੇ ਖਿਡਾਰੀ, ਚੱਲੀਆਂ ਗੋਲੀਆਂ
Thursday, Jan 16, 2020 - 01:56 AM (IST)
ਮੋਗਾ (ਅਜ਼ਾਦ)-ਜ਼ਿਲਾ ਮੋਗਾ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਸਾਲਾਨਾ ਟੂਰਨਾਮੈਂਟ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਦੇਰ ਸ਼ਾਮ ਕਬੱਡੀ ਟੂਰਨਾਮੈਂਟ ਉਪਰੰਤ ਖਿਡਾਰੀਆਂ ਵਿਚਾਲੇ ਲਡ਼ਾਈ ਹੋ ਗਈ। ਇਸ ਦੌਰਾਨ ਪਿੰਡ ਰਾਊਕੇ ਕਲਾਂ ਅਤੇ ਭਿੰਡਰ ਕਲਾਂ ਦੇ ਕਬੱਡੀ ਖਿਡਾਰੀ ਆਪਸ ਵਿਚ ਆਹਮੋ-ਸਾਹਮਣੇ ਹੋ ਗਏ। ਇਸ ਲੜਾਈ ਦੌਰਾਨ ਹਵਾਈ ਫਾਇਰਿੰਗ ਵੀ ਹੋਈ। ਸਮਾਗਮ ’ਚ ਇਕਦਮ ਅਫਰਾ-ਦਫਡ਼ੀ ਦਾ ਮਹੌਲ ਪੈਦਾ ਹੋ ਗਿਆ।
ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਖਿਡਾਰੀ ਨੂੰ ਅਗਵਾ ਵੀ ਕੀਤਾ ਗਿਆ ਹੈ। ਜਦੋਂ ਕਿ ਪੁਲਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਦੂਸਰੇ ਪਾਸੇ ਇਸ ਘਟਨਾ ਉਪਰੰਤ ਟੂਰਨਾਮੈਂਟ ਬੰਦ ਹੋ ਗਿਆ।