ਕੈਪਟਨ ਦੀ ਬਗਾਵਤ ਅਤੇ ਮਹਾਰਾਣੀ ਦੀ ਤਿਆਰੀ ਦੌਰਾਨ ਚੰਨੀ ਸਰਕਾਰ ਨੇ ਕੀਤਾ ਪਟਿਆਲਾ ’ਤੇ ਫੋਕਸ

Monday, Oct 25, 2021 - 09:05 PM (IST)

ਕੈਪਟਨ ਦੀ ਬਗਾਵਤ ਅਤੇ ਮਹਾਰਾਣੀ ਦੀ ਤਿਆਰੀ ਦੌਰਾਨ ਚੰਨੀ ਸਰਕਾਰ ਨੇ ਕੀਤਾ ਪਟਿਆਲਾ ’ਤੇ ਫੋਕਸ

ਪਟਿਆਲਾ(ਰਾਜੇਸ਼ ਪੰਜੌਲਾ)- ਕਾਂਗਰਸ ਹਾਈਕਮਾਂਡ ਵੱਲੋਂ ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੀ ਬਗਾਵਤ ਅਤੇ ਕੈਪਟਨ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਅਤੇ ਬੇਟੀ ਬੀਬਾ ਜੈਇੰਦਰ ਕੌਰ ਵੱਲੋਂ ਪਟਿਆਲਾ ਵਿਚ ਨਵੀਂ ਪਾਰਟੀ ਲਈ ਕੀਤੀ ਜਾ ਰਹੀ ਜ਼ਬਰਦਸਤ ਤਿਆਰੀ ਦੌਰਾਨ ਪੰਜਾਬ ਸਰਕਾਰ ਨੇ ਵੀ ਪਟਿਆਲਾ ’ਤੇ ਫੋਕਸ ਕਰ ਲਿਆ ਹੈ।

ਸੂਤਰਾਂ ਅਨੁਸਾਰ ਕੈਪਟਨ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦੇ ਨਜ਼ਦੀਕੀ ਚੇਅਰਮੈਨਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਛੁੱਟੀ ਕਰਨ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ। ਸਭ ਤੋਂ ਪਹਿਲਾਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਹੋਰ ਕਈ ਚੇਅਰਮੈਨ ਅਤੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਸਰਕਾਰ ਦੀ ਰਡਾਰ ’ਤੇ ਹਨ। ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਪਟਿਆਲਾ ਦੀ ਕਮਾਂਡ ਸੰਭਾਲੀ ਹੋਈ ਹੈ ਅਤੇ ਦਿਨ ਭਰ ਕਾਂਗਰਸੀ ਕੌਂਸਲਰਾਂ, ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਅਤੇ ਉਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਬੀਬਾ ਜੈਇੰਦਰ ਕੌਰ ਤੁਰੰਤ ਦਿੱਲੀ ਤੋਂ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਪਟਿਆਲਾ ਸ਼ਹਿਰ ਦੇ ਸਮੁੱਚੇ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ। ਇਸ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਸਬੰਧਤ ਵਾਰਡ ਦੇ ਕੌਂਸਲਰ ਅਤੇ ਮੁੱਖ ਕਾਂਗਰਸੀ ਆਗੂਆਂ ਨੂੰ ਨਾਲ ਰੱਖਿਆ ਗਿਆ। ਕਈ ਦਿਨ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਐੱਸ. ਈ. ਸ਼ਾਮ ਲਾਲ ਗੁਪਤਾ ਅਤੇ ਹੋਰ ਅਧਿਕਾਰੀ ਵੀ ਬੀਬਾ ਜੈਇੰਦਰ ਕੌਰ ਨਾਲ ਜਾਂਦੇ ਰਹੇ। ਇਥੋਂ ਤੱਕ ਕਿ ਇਕ ਸਰਕਾਰੀ ਸਕੂਲ ਦਾ ਉਦਘਾਟਨ ਵੀ ਬੀਬਾ ਜੈਇੰਦਰ ਕੌਰ ਨੇ ਕੀਤਾ।

ਸਰਕਾਰ ਕੋਲ ਸੂਚਨਾ ਪਹੁੰਚਣ ’ਤੇ ਪਹਿਲਾਂ ਅਫਸਰਸ਼ਾਹੀ ’ਤੇ ਸ਼ਿਕੰਜਾ ਕੱਸਿਆ ਗਿਆ। ਇਸ ਤੋਂ ਬਾਅਦ ਅਫਸਰਾਂ ਨੇ ਮੋਤੀ ਮਹਿਲ ਦੇ ਨਜ਼ਦੀਕੀਆਂ ਇਥੋਂ ਤੱਕ ਕਿ ਮਹਾਰਾਣੀ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਤੋਂ ਦੂਰੀਆਂ ਬਣਾ ਲਈਆਂ ਗਈਆਂ। ਕਾਂਗਰਸੀ ਵਰਕਰਾਂ ਨੂੰ ਸਖਤ ਮੈਸੇਜ ਦੇਣ ਲਈ ਜਲਦ ਹੀ ਕੈਪਟਨ ਦੇ ਸਭ ਤੋਂ ਨਜ਼ਦੀਕੀਆਂ ਅਤੇ ਮੌਜੂਦਾ ਸਮੇਂ ਕੈਪਟਨ ਦੀ ਰਾਜਨੀਤਕ ਕੰਪੇਨ ਚਲਾਉਣ ਵਾਲੇ ਆਗੂਆਂ ਦੀ ਛੁੱਟੀ ਹੋਣੀ ਤੈਅ ਹੋ ਗਈ ਹੈ। ਸਭ ਤੋਂ ਪਹਿਲਾਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਸਮੇਤ ਕੁੱਝ ਹੋਰ ਚੇਅਰਮੈਨਾਂ ਅਤੇ ਸੀਨੀਅਰ ਵਾਈਸ ਚੇਅਰਮੈਨਾਂ ਨੂੰ ਹਟਾਉਣ ਦੀ ਯੋਜਨਾ ਹੈ। ਸੂਤਰਾਂ ਅਨੁਸਾਰ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਚਾਹੁੰਦੇ ਹਨ ਕਿ ਪੀ. ਆਰ. ਟੀ. ਸੀ. ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ ਨੂੰ ਕੇ. ਕੇ. ਸ਼ਰਮਾ ਦੀ ਜਗ੍ਹਾ ’ਤੇ ਚੇਅਰਮੈਨ ਲਾਇਆ ਜਾਵੇ। ਯੋਜਨਾ ਕਮੇਟੀ ਦਾ ਚੇਅਰਮੈਨ ਵੀ ਕਿਸੇ ਸੀਨੀਅਰ ਕਾਂਗਰਸੀ ਆਗੂ ਨੂੰ ਲਾਇਆ ਜਾਵੇ। ਮੇਅਰ ਸੰਜੀਵ ਸ਼ਰਮਾ ਬਿੱਟੂ ਲਗਾਤਾਰ ਮਹਾਰਾਣੀ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਨਾਲ ਡਟੇ ਖੜ੍ਹੇ ਹਨ। ਉਨ੍ਹਾਂ ਅੱਜ ਵੀ ਆਪਣੇ ਦਫਤਰ ਵਿਚ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਨੂੰ ਫੋਟੋ ਲਾਈ ਹੋਈ ਹੈ। ਨਗਰ ਨਿਗਮ ਦੇ ਸਰਕਾਰੀ ਹੋਰਡਿੰਗਾਂ ’ਤੇ ਮੁੱਖ ਮੰਤਰੀ ਦੀ ਫੋਟੋ ਲਾਉਣ ਦੀ ਬਜਾਏ ਕੈ. ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦੀਆਂ ਫੋਟੋਆਂ ਲਾਈਆਂ ਹੋਈਆਂ ਹਨ। ਦੋ ਦਿਨ ਪਹਿਲਾਂ ਹੀ ਕਾਂਗਰਸੀ ਆਗੂਆਂ ਦੀ ਕੈ. ਅਮਰਿੰਦਰ ਸਿੰਘ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਦੀ ਇਕ ਫੋਟੋ ਵਾਇਰਲ ਹੋਈ ਹੈ। ਇਹ ਸਮੁੱਚੀਆਂ ਫੋਟੋਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਪਹੁੰਚ ਗਈਆਂ ਹਨ, ਜਿਸ ਤੋਂ ਬਾਅਦ ਸਰਕਾਰ ਨੇ ਪਟਿਆਲਾ ’ਤੇ ਫੋਕਸ ਕਰ ਲਿਆ ਹੈ। ਆਉਣ ਵਾਲੇ ਕੁੱਝ ਦਿਨਾਂ ਵਿਚ ਪਟਿਆਲਾ ਦੀ ਸਿਆਸਤ ਵਿਚ ਵੱਡੇ ਧਮਾਕੇ ਹੋਣਗੇ।


author

Bharat Thapa

Content Editor

Related News