ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Sunday, Feb 10, 2019 - 11:40 PM (IST)

ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ(ਇੰਦਰਜੀਤ)— ਐਕਸਾਈਜ਼ ਐਂਡ ਟੈਕਸੇਸ਼ਨ ਅੰਮ੍ਰਿਤਸਰ ਸਰਕਲ-2 ਨੇ ਇਕ ਵੱਡੀ ਕਾਰਵਾਈ 'ਚ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਕ ਮਸ਼ੀਨ ਬਰਾਮਦ ਕੀਤੀ ਹੈ, ਜਿਸ ਨਾਲ ਮਹਿੰਗੀ ਸ਼ਰਾਬ ਪੈਕ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ 25 ਪੇਟੀਆਂ ਸ਼ਰਾਬ ਵੀ ਬਰਾਮਦ ਕੀਤੀ। ਨਕਲੀ ਸ਼ਰਾਬ ਦੀ ਪੈਕਿੰਗ ਦੇ ਧੰਦੇ 'ਚ ਦੋਸ਼ੀ ਸ਼ਰਾਬ ਦੀਆਂ ਅਜਿਹੀਆਂ ਵਿਦੇਸ਼ੀ ਬੋਤਲਾਂ ਵੀ ਪੈਕ ਕਰ ਦਿੰਦੇ ਸਨ ਜੋ ਦੇਸ਼ 'ਚ ਮਿਲਦੀਆਂ ਹੀ ਨਹੀਂ ਹਨ, ਜਿਨ੍ਹਾਂ ਦੀ ਮੂੰਹ ਮੰਗੀ ਕੀਮਤ ਵਸੂਲ ਕੀਤੀ ਜਾਂਦੀ ਸੀ। ਐਕਸਾਈਜ਼ ਵਿਭਾਗ ਦੀ ਇਸ ਕਾਰਵਾਈ ਨੇ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਵਿਚ ਹੜਕੰਪ ਪੈਦਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸਰਕਲ-2 ਦੇ ਡੀ. ਈ. ਟੀ. ਸੀ. ਰਾਜਪਾਲ ਸਿੰਘ ਖੈਰਾ ਨੂੰ ਸੂਚਨਾ ਮਿਲੀ ਸੀ ਕਿ ਕਾਲੂ ਤੇ ਰਵੀ ਨਾਂ ਦੇ 2 ਆਦਮੀ ਰਾਮਦਾਸ ਖੇਤਰ 'ਚ ਸ਼ਰਾਬ ਦੀਆਂ ਬੋਤਲਾਂ ਨਕਲੀ ਪੈਕ ਕਰ ਕੇ ਅਸਲੀ ਕੀਮਤ 'ਚ ਵੇਚਣ ਦਾ ਧੰਦਾ ਕਰਦੇ ਹਨ। ਲੰਬੇ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਜਾਰੀ ਸੀ ਅਤੇ ਇਸ ਦੇ ਲਈ ਈ. ਟੀ. ਓ. ਹੇਮੰਤ ਸ਼ਰਮਾ ਤੇ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਸੀ। ਕਈ ਵਾਰ ਛਾਪੇਮਾਰੀ ਕਰਨ ਦੇ ਬਾਵਜੂਦ ਵਿਭਾਗ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਐਤਵਾਰ ਮੈਡਮ ਰਾਜਵਿੰਦਰ ਕੌਰ ਨੂੰ ਸੂਚਨਾ ਮਿਲੀ ਕਿ ਰਾਮਦਾਸ ਖੇਤਰ ਦੇ ਨੰਬਰਦਾਰ ਜਗਦੀਸ਼ ਸਿੰਘ ਦੇ ਮਕਾਨ 'ਚ 2 ਭਰਾ ਕਾਲੂ ਤੇ ਰਵੀ, ਜੋ ਇਲਾਕੇ 'ਚ ਆਲੂ-ਗੰਡੇ ਦੇ ਨਾਂ ਨਾਲ ਮਸ਼ਹੂਰ ਹਨ, ਕੋਲੋਂ ਨਕਲੀ ਪੈਕਿੰਗ ਕਰਨ ਵਾਲੀ ਮਸ਼ੀਨ ਬਰਾਮਦ ਹੋ ਸਕਦੀ ਹੈ। ਛਾਪੇਮਾਰੀ ਦੌਰਾਨ ਰਾਜਵਿੰਦਰ ਕੌਰ ਨੇ ਟੀਮ ਸਮੇਤ ਛਾਪਾ ਮਾਰਿਆ, ਜਿਸ ਵਿਚ ਉਕਤ ਮਸ਼ੀਨ ਦੇ ਨਾਲ ਵੱਡੀ ਮਾਤਰਾ 'ਚ ਹੋਲੋਗ੍ਰਾਮ ਵੀ ਬਰਾਮਦ ਹੋਏ, ਜੋ ਸ਼ਰਾਬ ਨੂੰ ਅਸਲੀ ਸਾਬਿਤ ਕਰਦੇ ਸਨ। ਐਕਸਾਈਜ਼ ਟੀਮ ਨੇ ਛਾਪੇਮਾਰੀ 'ਚ 25 ਪੇਟੀਆਂ ਅਰੁਣਾਚਲ ਪ੍ਰਦੇਸ਼ ਸ਼ਰਾਬ ਦੀ ਬਰਾਮਦ ਕੀਤੀ।
ਇਸ ਸਬੰਧੀ ਈ. ਟੀ. ਓ. ਹੇਮੰਤ ਸ਼ਰਮਾ ਨੇ ਦੱਸਿਆ ਕਿ ਜਿਸ ਸਮੇਂ ਛਾਪੇਮਾਰੀ ਕੀਤੀ ਗਈ, ਉਕਤ ਦੋਸ਼ੀ ਆਪਣੇ ਕਮਰੇ 'ਚ ਨਹੀਂ ਸਨ। ਮਕਾਨ ਦੇ ਮਾਲਕ ਜਗਦੀਸ਼ ਸਿੰਘ ਨੇ ਦੱਸਿਆ ਕਿ ਇਹ ਲੋਕ ਉਨ੍ਹਾਂ ਕੋਲ ਕਿਰਾਏ 'ਤੇ ਰਹਿੰਦੇ ਸਨ। ਥਾਣਾ ਰਾਮਦਾਸ ਦੀ ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਧੋਖਾਦੇਹੀ ਤੇ ਐਕਸਾਈਜ਼ ਐਕਟ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News