ਜ਼ਿਲੇ ਦੀਆਂ ਅਨਾਜ ਮੰਡੀਆਂ ''ਚ ਸੁੰਨਸਾਨ

Monday, Apr 02, 2018 - 06:42 AM (IST)

ਅੰਮ੍ਰਿਤਸਰ,   (ਨੀਰਜ)-  ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 1 ਅਪ੍ਰੈਲ ਤੋਂ ਸਾਰੇ ਜ਼ਿਲਿਆਂ 'ਚ ਕਣਕ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਖਰੀਦ ਦੇ ਪਹਿਲੇ ਹੀ ਦਿਨ ਜ਼ਿਲਾ ਅੰਮ੍ਰਿਤਸਰ ਦੀ ਕਿਸੇ ਵੀ ਅਨਾਜ ਮੰਡੀ ਵਿਚ ਕਣਕ ਦੀ ਆਮਦ ਨਹੀਂ ਹੋਈ ਤੇ ਉੱਤਰੀ ਭਾਰਤ ਦੀਆਂ ਸਭ ਤੋਂ ਵੱਡੀਆਂ ਅਨਾਜ ਮੰਡੀਆਂ 'ਚੋਂ ਇਕ ਅਨਾਜ ਮੰਡੀ ਭਗਤਾਂਵਾਲਾ ਸਮੇਤ ਜ਼ਿਆਦਾਤਰ ਅਨਾਜ ਮੰਡੀਆਂ 'ਚ ਸੁੰਨਸਾਨ ਛਾਈ ਰਹੀ ਅਤੇ ਕਣਕ ਦੀ ਖਰੀਦ ਨਹੀਂ ਹੋ ਸਕੀ। ਇਸ ਦੇ ਉਲਟ ਜ਼ਿਲਾ ਪ੍ਰਸ਼ਾਸਨ ਵੱਲੋਂ ਡੀ. ਸੀ. ਕਮਲਦੀਪ ਸਿੰਘ ਸੰਘਾ, ਪੰਜਾਬ ਮੰਡੀ ਬੋਰਡ ਤੇ ਜ਼ਿਲਾ ਫੂਡ ਐਂਡ ਸਿਵਲ ਸਪਲਾਈ ਵਿਭਾਗ ਵੱਲੋਂ ਕਣਕ ਖਰੀਦ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰੱਖੀ ਗਈ ਹੈ।
ਕੈਪਟਨ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਜਿਥੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ, ਉਥੇ ਹੀ ਸਰਕਾਰ ਦੀ ਇਹ ਵੀ ਪਹਿਲ ਹੈ ਕਿ ਅਨਾਜ ਮੰਡੀਆਂ 'ਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਨਿਯੁਕਤੀ ਤਾਂ ਕੀਤੀ ਗਈ ਹੈ, ਉਥੇ ਹੀ ਡੀ. ਸੀ. ਸੰਘਾ ਨੇ ਸਾਰੇ ਐੱਸ. ਡੀ. ਐੱਮਜ਼, ਡੀ. ਆਰ. ਓਜ਼, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਆਪਣੇ ਇਲਾਕਿਆਂ ਵਿਚ ਕਣਕ ਦੀ ਖਰੀਦ ਦੀ ਚੈਕਿੰਗ ਕਰਨ ਤੇ ਕਿਸਾਨਾਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕਰਨ। ਡੀ. ਸੀ. ਆਪ ਵੀ ਕਿਸੇ ਸਮੇਂ ਕਿਸੇ ਵੀ ਅਨਾਜ ਮੰਡੀ ਦੀ ਚੈਕਿੰਗ ਕਰ ਸਕਦੇ ਹਨ, ਇਸ ਤੋਂ ਇਲਾਵਾ ਮੁੱਖ ਸਕੱਤਰ ਪੰਜਾਬ ਵੀ ਸਾਰੇ ਜ਼ਿਲਿਆਂ ਦੀਆਂ ਅਨਾਜ ਮੰਡੀਆਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕਰ ਸਕਦੇ ਹਨ।
ਟਰਾਂਸਪੋਰਟ ਤੋਂ ਲੈ ਕੇ ਲੇਬਰ ਦੇ ਟੈਂਡਰ ਪੂਰੇ
ਜ਼ਿਲਾ ਪ੍ਰਸ਼ਾਸਨ ਵੱਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਕਣਕ ਦੀ ਲਿਫਟਿੰਗ ਅਤੇ ਟਰਾਂਸਪੋਰਟੇਸ਼ਨ ਦੇ ਠੇਕੇ ਦਿੱਤੇ ਜਾ ਚੁੱਕੇ ਹਨ ਅਤੇ ਸਾਰਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੇ ਕੋਈ ਕਮੀ-ਪੇਸ਼ੀ ਰਹਿੰਦੀ ਹੈ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਕਿ ਕਣਕ ਦੀ ਲਿਫਟਿੰਗ ਅਤੇ ਟਰਾਂਸਪੋਰਟੇਸ਼ਨ ਦੇ ਕੰਮ ਵਿਚ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਏ। ਆਮ ਤੌਰ 'ਤੇ ਅੰਮ੍ਰਿਤਸਰ ਜ਼ਿਲੇ ਵਿਚ ਕਣਕ ਦੀ ਆਮਦ ਇਕਦਮ ਆਉਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਕਈ ਮੰਡੀਆਂ ਵਿਚ ਲਿਫਟਿੰਗ ਦੀ ਸਮੱਸਿਆ ਆ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਟਰਾਂਸਪੋਰਟੇਸ਼ਨ ਦੇ ਟੈਂਡਰ ਗਲਤ ਢੰਗ ਨਾਲ ਦਿੱਤੇ ਜਾਣ ਕਾਰਨ ਵੀ ਇਹ ਸਮੱਸਿਆ ਵਿਕਰਾਲ ਰੂਪ ਲੈ ਗਈ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ। ਡੀ. ਸੀ. ਅਨੁਸਾਰ ਲਾਇਕ ਟਰਾਂਸਪੋਰਟਰਾਂ ਨੂੰ ਹੀ ਵਿਭਾਗ ਵੱਲੋਂ ਠੇਕਾ ਦਿੱਤਾ ਗਿਆ ਹੈ ਕਿਉਂਕਿ ਕਣਕ ਦੀ ਖਰੀਦ ਦੇ ਕੰਮ ਵਿਚ ਸਰਕਾਰ ਕਿਸੇ ਵੀ ਪ੍ਰਕਾਰ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ।
ਕਿਹੜੀਆਂ ਏਜੰਸੀਆਂ ਕਰਨਗੀਆਂ ਖਰੀਦ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਣਕ ਖਰੀਦ ਦਾ ਕੰਮ ਐੱਫ. ਸੀ. ਆਈ., ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਏਜੰਸੀਆਂ ਖਰੀਦ ਕਰਨਗੀਆਂ, ਇਸ ਦੇ ਲਈ ਬਾਕਾਇਦਾ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਆਪਣੇ ਅਧਿਕਾਰੀਆਂ ਅਤੇ ਸਟਾਫ ਦੀ ਨਿਯੁਕਤੀ ਵੀ ਕੀਤੀ ਜਾ ਚੁੱਕੀ ਹੈ। ਕਣਕ ਖਰੀਦ ਦੇ ਕੰਮ ਵਿਚ ਤਾਇਨਾਤ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀਆਂ ਅਨਾਜ ਮੰਡੀਆਂ ਵਿਚ ਤਾਇਨਾਤ ਰਹਿਣ ਅਤੇ ਹਾਜ਼ਰੀ ਨੂੰ ਯਕੀਨੀ ਬਣਾਉਣ ਤਾਂ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ।


Related News