ਹਨ੍ਹੇਰੀ ਤੇ ਮੀਂਹ ਕਾਰਣ ਖੇਤਾਂ ’ਚ ਖੜ੍ਹੀ ਕਣਕ ਹੇਠਾਂ ਵਿਛੀ, ਖ਼ਰਾਬ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੂਤੇ
Tuesday, Mar 23, 2021 - 03:06 PM (IST)
ਮੰਡੀ ਲਾਧੂਕਾ (ਸੰਧੂ) : ਇਲਾਕੇ ਅੰਦਰ ਇਕ ਦੋ ਦਿਨਾਂ ਤੋਂ ਬਦਲੇ ਮਿਜਾਸ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ ’ਚ ਪਾ ਦਿੱਤਾ ਹੈ। ਮੰਗਲਵਾਰ ਨੂੰ ਹਨ੍ਹੇਰੀ ਤੇ ਬਰਸਾਤ ਕਾਰਣ ਇਲਾਕੇ ਅੰਦਰ ਕਈ ਥਾਈ ਕਣਕ ਦੀ ਫਸਲ ਹੇਠਾਂ ਵਿਛ ਗਈ। ਬੇਮੌਸਮੀ ਬਰਸਾਤ ਅਤੇ ਝੱਖੜ ਹਨ੍ਹੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਕਰਕੇ ਰੱਖ ਦਿੱਤੀ ਹੈ। ਬੀਤੀ ਰਾਤ ਤੋਂ ਹੋ ਰਹੀ ਬਰਸਾਤ ਅਤੇ ਹਨ੍ਹੇਰੀ ਨੇ ਕਣਕ ਦੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤੀ ਹੈ। ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਉਹ ਕਿਵੇਂ ਵੱਢਣਗੇ ਕਿਉਂਕਿ ਜੋ ਕਣਕ ਦੀ ਫ਼ਸਲ ਡਿੱਗ ਪਈ ਹੈ, ਉਹ ਬਿਲਕੁੱਲ ਖ਼ਰਾਬ ਹੋ ਜਾਵੇਗੀ। ਉਧਰ ਵੱਖ-ਵੱਖ ਪਿੰਡਾਂ ਦੇ ਕਿਸਾਨ ਬਲਵੰਤ ਸਿੰਘ ਕਿੱਕਰ ਸਿੰਘ ਨੰਬਰਦਾਰ, ਜਸਬੀਰ ਸਿੰਘ ਬਲਜਿੰਦਰ ਸਿੰਘ , ਹਰਭਜਨ ਸਿੰਘ, ਸੂਬਾ ਸਿੰਘ, ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਕ ਪਾਸੇ ਕਿਸਾਨ ਦਿੱਲੀ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ ਕਿਉਂਕਿ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦੀ ਫ਼ਸਲ ਦਾ ਬਹੁਤ ਵਧੀਆ ਝਾੜ ਨਿਕਲੇਗਾ ਪਰ ਮੌਸਮ ਮਹਿਕਮੇ ਵਲੋਂ ਜਿਸ ਤਰ੍ਹਾਂ ਅਲਰਟ ਕੀਤਾ ਗਿਆ ਹੈ, ਉਨ੍ਹਾਂ ਦੀਆਂ ਸਧਰਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਸ਼ਹੀਦੀ ਦਿਹਾੜੇ ’ਤੇ ਟਰੈਕਟਰ ਮਾਰਚ ਕੱਢ ਕੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ
ਕਿਸਾਨਾਂ ਦਾ ਕਹਿਣਾ ਹੈ ਕਿ ਤੇਜ਼ ਹਨ੍ਹੇਰੀ ਅਤੇ ਬਰਸਾਤ ਦੇ ਕਾਰਨ ਉਹ ਚਿੰਤਤ ਹਨ ਕਿਉਂਕਿ ਇਕ ਪਾਸੇ ਫਸਲ ਪੱਕਣ ਲਈ ਤਿਆਰ ਖੜ੍ਹੀ ਹੈ ਅਤੇ ਦੂਜੇ ਪਾਸੇ ਮੀਂਹ ਅਤੇ ਹਨ੍ਹੇਰੀ ਨੇ ਫਸਲ ਦਾ ਨੁਕਸਾਨ ਕਰ ਦਿੱਤਾ ਹੈ ਕਿਉਂਕਿ ਇਸ ’ਤੇ ਦੁਗਣੀ ਮਿਹਨਤ ਕਰਨੀ ਪਵੇਗੀ ਅਤੇ ਨਾਲ ਹੀ ਇਸ ਦਾ ਦਾਣਾ ਬਿਲਕੁਲ ਖ਼ਰਾਬ ਹੋ ਜਾਵੇਗਾ।
ਇਸ ਤੋਂ ਇਲਾਵਾ ਸਬਜ਼ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਅਤੇ ਗੜ੍ਹੇਮਾਰੀ ਕਾਰਣ ਸਬਜੀ ਦੀ ਫਸਲ ਦੇ ਫੁੱਲ ਵੀ ਡਿੱਗੇ ਹਨ ਅਤੇ ਜਿਸ ਨਾਲ ਸਬਜੀਆਂ ਦੇ ਝਾੜ ’ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਜਾਮਨ ਅਤੇ ਹੋਰ ਰੁੱਤ ਨਾਲ ਸਬੰਧਤ ਫਲਾਂ ਲਈ ਵੀ ਹਨੇ੍ਹਰੀ ਨੁਕਸਾਨਦਾਇਕ ਸਿੱਧ ਹੋਈ ਹੈ।
ਇਹ ਵੀ ਪੜ੍ਹੋ : ਜਥੇਦਾਰ ਅਕਾਲ ਤਖਤ ਵਲੋਂ ਹੋਲਾ-ਮੁਹੱਲਾ ਪੂਰੇ ਜਾਹੋ-ਜਹਾਲ ਨਾਲ ਮਨਾਉਣ ਦਾ ਐਲਾਨ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ