ਮਾਮੂਲੀ ਵਿਵਾਦ ਕਾਰਨ ਨੌਜਵਾਨ ’ਤੇ ਪੈਟਰੋਲ ਸੁੱਟ ਕੇ ਲਾਈ ਅੱਗ
Tuesday, Aug 06, 2024 - 05:10 AM (IST)
ਮੋਗਾ (ਆਜ਼ਾਦ) - ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸਮਾਧ ਭਾਈ ਵਿਖੇ ਬੀਤੀ ਰਾਤ ਮਾਮੂਲੀ ਵਿਵਾਦ ਕਾਰਨ 19 ਸਾਲਾ ਨੌਜਵਾਨ ਗੁਰਵਿੰਦਰ ਸਿੰਘ ’ਤੇ ਪਿੰਡ ਦੇ ਹੀ ਕੁਝ ਲੜਕਿਆਂ ਵੱਲੋਂ ਪੈਟਰੋਲ ਸੁੱਟ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਡਾਕਟਰਾਂ ਨੇ ਉਸਦੀ ਨਾਜੁਕ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਘਰੋਂ ਦੁੱਧ ਲੈਣ ਲਈ ਗਿਆ ਸੀ ਤਾਂ ਉਥੇ ਸ਼ਰਾਬ ਦੇ ਠੇਕੇ ਕੋਲ ਖੜ੍ਹੇ ਕੁਝ ਨੌਜਵਾਨਾਂ ਨਾਲ ਉਸ ਦਾ ਮਾਮੂਲੀ ਤਕਰਾਰ ਹੋਇਆ, ਜਿਸ ’ਤੇ ਉਨ੍ਹਾਂ ਨੇ ਮੇਰੇ ਬੇਟੇ ’ਤੇ ਬੋਤਲ ਨਾਲ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਅਤੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾਵੇਗਾ। ਉਹ ਪੁਲਸ ਪਾਰਟੀ ਸਮੇਤ ਪੀੜਤ ਲੜਕੇ ਦੇ ਬਿਆਨ ਲੈਣ ਲਈ ਫਰੀਦਕੋਟ ਜਾ ਰਹੇ ਹਨ।
ਗੁਰਵਿੰਦਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦਾ ਗੁਰਵਿੰਦਰ ਸਿੰਘ ਇਕਲੌਤਾ ਬੇਟਾ ਹੈ, ਉਸ ਨੇ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ ਦੇਣ ਦੀ ਮੰਗ ਕੀਤੀ ਅਤੇ ਕਥਿਤ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਲਈ ਬੇਨਤੀ ਕੀਤੀ।