ਦੁਬਈ ''ਚ ਖੁਦਕੁਸ਼ੀ ਕਰਨ ਵਾਲੇ ਪ੍ਰਭਜੋਤ ਦੀ ਦੇਹ ਪਹੁੰਚੀ ਵਤਨ, ਭੁੱਬਾਂ ਮਾਰ ਰੋਇਆ ਪਰਿਵਾਰ

01/24/2020 6:47:32 PM

ਰਾਜਾਸਾਂਸੀ/ਚਮਿਆਰੀ (ਨਿਰਵੈਲ,ਸੰਧੂ) : ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ 'ਚ ਸਜਾ ਕੇ ਦੁਬਈ ਗਏ 21 ਸਾਲਾ ਪ੍ਰਭਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਜਲੰਧਰ ਜ਼ਿਲੇ ਦੇ ਕਸਬਾ ਸ਼ਾਹਕੋਟ ਨਾਲ ਸੰਬੰਧਿਤ ਮ੍ਰਿਤਕ ਪ੍ਰਭਜੋਤ ਸਿੰਘ ਕੁਝ ਦਿਨ ਪਹਿਲਾਂ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਹਿਲੀ ਵਾਰ ਦੁਬਈ ਗਿਆ ਸੀ ਕਿ ਉੱਥੇ ਪਹੁੰਚਣ ਤੋਂ ਸਿਰਫ ਦੋ ਦਿਨ ਬਾਅਦ ਹੀ 16 ਜਨਵਰੀ ਨੂੰ ਉਸ ਨੇ ਅਚਾਨਕ ਆਤਮ ਹੱਤਿਆ ਕਰ ਲਈ । ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਪ੍ਰਭਜੋਤ ਦੁਬਈ ਪਹੁੰਚਣ ਉਪਰੰਤ ਢੁਕਵਾਂ ਕੰਮ ਨਾ ਮਿਲਣ ਦੀ ਸੰਭਾਵਨਾ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਸੀ, ਜਿਸ ਦੇ ਚੱਲਦਿਆਂ ਉਸ ਨੇ ਜਲਦਬਾਜ਼ੀ ਵਿਚ ਆਪਣੇ ਆਪ ਨੂੰ ਖਤਮ ਕਰਨ ਦਾ ਕਦਮ ਚੁੱਕ ਲਿਆ। ਜਿਸ ਤੋਂ ਬਾਅਦ ਦੁਬਈ 'ਚ ਹੀ ਰਹਿੰਦੇ ਮ੍ਰਿਤਕ ਦੇ ਚਚੇਰੇ ਭਰਾਵਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਡੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਪ੍ਰਭਜੋਤ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਬੇਨਤੀ ਕੀਤੀ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰਲੀ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ।

PunjabKesari

ਹਵਾਈ ਅੱਡੇ 'ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ ਤੇ ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਸਮੇਤ ਟਰੱਸਟ ਵਲੋਂ ਹੁਣ ਤੱਕ 138 ਬਦਨਸੀਬਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਓਬਰਾਏ ਦੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ।

ਇਸੇ ਦੌਰਾਨ ਮ੍ਰਿਤਕ ਦੇਹ ਨਾਲ ਦੁਬਈ ਤੋਂ ਆਏ ਚਚੇਰੇ ਭਰਾ ਕਮਲਜੀਤ ਸਿੰਘ ਤੋਂ ਇਲਾਵਾ ਹਵਾਈ ਅੱਡੇ ਤੇ ਪਹੁੰਚੇ ਮ੍ਰਿਤਕ ਦੇ ਮਾਮੇ ਦਵਿੰਦਰ ਸਿੰਘ, ਚਾਚੇ ਪ੍ਰਗਟ ਸਿੰਘ, ਤਾਏ ਬਹਾਦਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਬਦੌਲਤ ਹੀ ਪ੍ਰਭਜੋਤ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਸ਼ਹਿਰ ਵਿਖੇ ਹੋਣੀਆਂ ਸੰਭਵ ਹੋ ਸਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਪ੍ਰਭਜੋਤ ਦੇ ਮਾਪਿਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਦਿੱਤੀ ਹੈ, ਜਿਸ ਕਾਰਨ ਉਹ ਗਹਿਰੇ ਸਦਮੇ 'ਚ ਹਨ ।


Gurminder Singh

Content Editor

Related News