ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ DSP ਨੇ ਔਕਾਤ ’ਚ ਰਹਿਣ ਦੀ ਦਿੱਤੀ ਧਮਕੀ

09/18/2021 10:09:10 PM

ਲੁਧਿਆਣਾ (ਬਿਊਰੋ)-ਇਕ ਪਾਸੇ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਹਰ ਫਰੰਟ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹੱਕ ’ਚ ਹੈ। ਉਥੇ ਹੀ ਦੂਜੇ ਪਾਸੇ ਸਰਕਾਰ ਦੇ ਕੁਝ ਨੁਮਾਇੰਦੇ ਖਾਕੀ ਵਰਦੀ ’ਚ ਕਿਸਾਨਾਂ ’ਤੇ ਬਦਮਾਸ਼ੀ ਕਰ ਰਹੇ ਹਨ। ਮੋਗਾ ’ਚ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ, ਰਾਜਪੁਰਾ ’ਚ ਕਿਸਾਨਾਂ ਨੂੰ ਐੱਸ. ਐੱਚ. ਓ. ਵੱਲੋਂ ਧਮਕਾਉਣ ਦੀਆਂ ਘਟਨਾਵਾਂ ਅਜੇ ਸ਼ਾਂਤ ਨਹੀਂ ਹੋਈਆਂ ਸਨ ਕਿ ਖੰਨਾ ’ਚ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਵੱਲੋਂ ਕਿਸਾਨਾਂ ’ਤੇ ਬਦਮਾਸ਼ੀ ਕੀਤੀ ਗਈ। ਇਹ ਬਦਮਾਸ਼ੀ ਵੀ ਕਿਸਾਨਾਂ ਦੇ ਵਿਰੋਧ ਨਾਲ ਭਾਜਪਾ ਨੇਤਾਵਾਂ ਨੂੰ ਬਚਾਉਣ ਲਈ ਕੀਤੀ ਗਈ। ਭਾਜਪਾ ਨੇਤਾਵਾਂ ਨੂੰ ਬਚਾਉਣ ਲਈ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਅਤੇ ਐੱਸ. ਐੱਚ. ਓ. ਹੇਮੰਤ ਕੁਮਾਰ ਨੇ ਕਿਸਾਨਾਂ ਨੂੰ ਧੱਕੇ ਵੀ ਮਾਰੇ। ਇਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ : ਪਾਕਿ PM ਇਮਰਾਨ ਖਾਨ ਤੇ ਫੌਜ ਮੁਖੀ ਬਾਜਵਾ ਦੇ ਦੋਸਤ ਹਨ ਸਿੱਧੂ : ਕੈਪਟਨ

ਜਾਣਕਾਰੀ ਮੁਤਾਬਕ ਭਾਜਪਾ ਨੇਤਾਵਾਂ ਨੇ ਖੰਨਾ ਦੇ ਲਿਬੜਾ ਸਥਿਤ ਬਲਦੇਵ ਢਾਬੇ ’ਤੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦਾ ਜਨਮਦਿਨ ਮਨਾਉਣ ਦਾ ਪ੍ਰੋਗਰਾਮ ਰੱਖਿਆ ਸੀ। ਭਾਜਪਾ ਨੇਤਾਵਾਂ ਦੀ ਰਾਖੀ ਲਈ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ, ਐੱਸ. ਐੱਚ. ਓ. ਇੰਸਪੈਕਟਰ ਹੇਮੰਤ ਕੁਮਾਰ ਖੁਦ ਪੁਲਸ ਫੋਰਸ ਲੈ ਕੇ ਖੜ੍ਹੇ ਸਨ। ਇਸ ਦਰਮਿਆਨ ਕਿਸਾਨ ਉਥੇ ਵਿਰੋਧ ਕਰਨ ਪਹੁੰਚੇ ਤਾਂ ਢਾਬੇ ਦੇ ਬਾਹਰ ਹੀ ਇਨ੍ਹਾਂ ਨੂੰ ਰੋਕਿਆ ਗਿਆ। ਕਿਸਾਨ ਜਦੋਂ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਨੌਜਵਾਨ ਕਿਸਾਨ ਨੇਤਾ ਪਰਵਿੰਦਰ ਸਿੰਘ ਇਕੋਲਾਹਾ ਨਾਲ ਇੰਨੀ ਬਦਤੀਮੀਜ਼ੀ ਕੀਤੀ ਕਿ ਕੁਝ ਸ਼ਬਦ ਬਿਆਨ ਵੀ ਨਹੀਂ ਕੀਤੇ ਜਾ ਸਕਦੇ। ਡੀ. ਐੱਸ. ਪੀ. ਬੋਲੇ ਕਿ ਤੁਸੀਂ ਔਕਾਤ ’ਚ ਰਹੋ। ਤੁਹਾਨੂੰ ਦੇਖੋ ਕਿਵੇਂ ਠੋਕਦਾ ਮੈਂ। ਤੁਹਾਨੂੰ ਮੇਰਾ ਪਤਾ ਨਹੀਂ, ਮੇਰੇ ਬਾਰੇ ਪਤਾ ਕਰ ਲਵੋ ਪਹਿਲਾਂ ।

ਅਜਿਹੀਆਂ ਹੀ ਧਮਕੀਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਕਿਸਾਨ ਨੇਤਾ ਅਤੇ ਬਜ਼ੁਰਗ ਰਾਜਿੰਦਰ ਸਿੰਘ ਬੈਨੀਪਾਲ ਨਾਲ ਵੀ ਤੂੰ-ਤੂੰ ਕਰਦੇ ਹੋਏ ਡੀ. ਐੱਸ. ਪੀ. ਨੇ ਧਮਕੀ ਦਿੱਤੀ। ਖਾਕੀ ਦੇ ਹੰਕਾਰ ’ਚ ਡੀ. ਐੱਸ. ਪੀ. ਇੰਨਾ ਅੰਨ੍ਹਾ ਸੀ ਕਿ ਨੇੜੇ ਖੜ੍ਹੀ ਇਕ ਲੜਕੀ, ਜੋ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ, ਦਾ ਲਿਹਾਜ਼ ਵੀ ਨਹੀਂ ਰੱਖਿਆ ਗਿਆ। ਡੀ. ਐੱਸ. ਪੀ. ਨੇ ਸ਼ਰੇਆਮ ਲਲਕਾਰਦਿਆਂ ਕਿਹਾ ਕਿ ਆਓ ਹੁਣ ਦੇਖਾਂ ਕਿ ਕਿਹੜਾ ਗੱਡੀਆਂ ਨੂੰ ਰੋਕਦਾ ਹੈ। ਧਮਕਾਉਣ ਤੋਂ ਬਾਅਦ ਸਾਰੇ ਭਾਜਪਾ ਨੇਤਾਵਾਂ ਨੂੰ ਢਾਬੇ ’ਚੋਂ ਬਾਹਰ ਕੱਢਿਆ ਗਿਆ।


Manoj

Content Editor

Related News