ਲੁਧਿਆਣਾ 'ਚ ਤਸਕਰਾਂ ਦਾ ਪੁਲਸ ਨੂੰ ਖੁੱਲ੍ਹਾ ਚੈਲੰਜ, ਸਰਚ ਮੁਹਿੰਮ ਦੇ 24 ਘੰਟੇ ਮਗਰੋਂ ਨਸ਼ਾ ਵੇਚਣ ਦੀ ਵੀਡੀਓ ਵਾਇਰਲ

Friday, Nov 18, 2022 - 12:18 PM (IST)

ਲੁਧਿਆਣਾ (ਰਾਜ) : ਨਸ਼ੇ ਖ਼ਿਲਾਫ਼ ਪੁਲਸ ਨੇ ਪੰਜਾਬ ਭਰ ’ਚ ਸਰਚ ਮੁਹਿੰਮ ਚਲਾਈ ਸੀ। ਉਸੇ ਦਿਨ ਲੁਧਿਆਣਾ ਦੇ ਸੀ. ਪੀ. ਮਨਦੀਪ ਸਿੰਘ ਸੰਧੂ ਨੇ ਚਾਰਜ ਹੀ ਸੰਭਾਲਿਆ ਤੇ ਪਹਿਲੇ ਹੀ ਦਿਨ ਡੀ. ਜੀ. ਪੀ. ਗੌਰਵ ਯਾਦਵ ਅਤੇ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ ਦੀ ਅਗਵਾਈ 'ਚ 500 ਪੁਲਸ ਮੁਲਾਜ਼ਮਾਂ ਨਾਲ ਘੋੜਾ ਕਾਲੋਨੀ ਤੇ ਅੰਬੇਡਕਰ ਨਗਰ ’ਚ ਨਸ਼ਿਆਂ ਖ਼ਿਲਾਫ਼ ਵੱਡੀ ਸਰਚ ਮੁਹਿੰਮ ਚਲਾਈ ਤਾਂ ਕਿ ਨਸ਼ਾ ਤਸਕਰਾਂ 'ਚ ਪੁਲਸ ਦਾ ਖ਼ੌਫ਼ ਪੈਦਾ ਹੋਵੇ। ਉਸ ਸਰਚ ਤੋਂ 24 ਘੰਟਿਆਂ ਬਾਅਦ ਹੀ ਉਸੇ ਇਲਾਕੇ ਦੀ ਇਕ ਵੀਡੀਓ ਵਾਇਰਲ ਹੁੰਦੀ ਹੈ, ਜਿਸ ’ਚ ਇਕ ਬਜ਼ੁਰਗ ਵਿਅਕਤੀ ਕੁਰਸੀ ’ਤੇ ਬੈਠ ਕੇ ਸ਼ਰੇਆਮ ਰੋਡ ’ਤੇ ਨੌਜਵਾਨਾਂ ਨੂੰ ਨਸ਼ੇ ਦੀਆਂ ਪੁੜੀਆਂ ਵੇਚਦਾ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈੱਗ ਲਾਉਣ ਵਾਲਿਆਂ ਦੇ ਮਤਲਬ ਦੀ ਖ਼ਬਰ, ਸਾਹਮਣੇ ਆਈ ਨਵੇਂ ਰੇਟਾਂ ਦੀ ਸੂਚੀ (ਵੀਡੀਓ)

ਹੁਣ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਸ਼ਾ ਤਸਕਰਾਂ ਨੂੰ ਪੁਲਸ ਦਾ ਕਿੰਨਾ ਕੁ ਡਰ ਹੈ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਨਸ਼ਾ ਤਸਕਰ ਆਪਣੇ ਘਰਾਂ ਨੂੰ ਜ਼ਿੰਦੇ ਮਾਰ ਕੇ ਭੱਜ ਗਏ ਸਨ ਪਰ ਪੁਲਸ ਦੇ ਜਾਂਦੇ ਹੀ ਤਸਕਰਾਂ ਨੇ ਫਿਰ ਆਪਣਾ ਧੰਦਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਚੀਮਾ ਚੌਂਕ ਦੀ ਹੈ। ਅਸਲ ’ਚ ਵੀਡੀਓ ’ਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਇਕ ਵਿਅਕਤੀ ਕੁਰਸੀ ਲਾ ਕੇ ਪਾਰਕ ਦੇ ਕੋਲ ਬੈਠ ਕੇ ਨਸ਼ੇ ਦੀਆਂ ਪੁੜੀਆਂ ਵੇਚ ਰਿਹਾ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਮਾਤਾ-ਪਿਤਾ UK ਲਈ ਰਵਾਨਾ, ਪੁੱਤ ਦੇ ਇਨਸਾਫ਼ ਲਈ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਲੈਣਗੇ ਹਿੱਸਾ (ਤਸਵੀਰਾਂ)

ਨਾਬਾਲਗ ਆਉਂਦੇ ਹਨ ਤੇ ਉਸ ਤੋਂ ਪੈਸੇ ਦੇ ਕੇ ਨਸ਼ੇ ਦੀਆਂ ਪੁੜੀਆਂ ਖ਼ਰੀਦਦੇ ਹਨ। ਚੀਮਾ ਚੌਂਕ ਦੇ ਕੁੱਝ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਨਸ਼ਾ ਵਿਕਣਾ ਕੋਈ ਨਵੀਂ ਗੱਲ ਨਹੀਂ ਹੈ। ਸ਼ਰੇਆਮ ਗਾਂਜਾ ਤਾਂ ਪਾਨ ਦੀਆਂ ਦੁਕਾਨਾਂ ’ਚ ਔਰਤਾਂ ਵੇਚਦੀਆਂ ਹਨ। ਪੁਲਸ ਨੂੰ ਸਭ ਪਤਾ ਹੈ। ਪੁਲਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਅਣਦੇਖਿਆ ਕੀਤਾ ਹੋਇਆ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਨਸ਼ਾ ਤਸਕਰਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਲੋਕ ਉਸ ਵਿਅਕਤੀ ਨਾਲ ਕੁੱਟਮਾਰ ਕਰਦੇ ਹਨ। ਰਾਤ ਦੇ ਸਮੇਂ ਤਾਂ ਨਸ਼ਾ ਪੂਰਤੀ ਲਈ ਲੋਕਾਂ ਨਾਲ ਝਪਟਮਾਰੀ ਹੋਣਾ ਵੀ ਇਸ ਇਲਾਕੇ ’ਚ ਆਮ ਗੱਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News