ਪੰਜਾਬ-ਹਿਮਾਚਲ ਹੱਦ ''ਤੇ ਡਰੱਗ ਮਾਫੀਆ ਦਾ ਫੈਲਿਆ ਹੋਇਆ ਹੈ ਜਾਲ, ਰੋਜ਼ਾਨਾ ਹੁੰਦੈ ਲੱਖਾਂ ਦਾ ਨਾਜਾਇਜ਼ ਧੰਦਾ

09/25/2017 7:05:53 PM

ਮੁਕੇਰੀਆਂ(ਜ. ਬ.)— ਪੰਜਾਬ-ਹਿਮਾਚਲ ਹੱਦ 'ਤੇ ਵਸੇ ਦਰਜਨਾਂ ਪਿੰਡ ਅਜਿਹੇ ਹਨ, ਜਿੱਥੇ ਸਵੇਰੇ ਸੂਰਜ ਦੀ ਪਹਿਲੀ ਕਿਰਨ ਪੈਣ ਤੋਂ ਲੈ ਕੇ ਦੇਰ ਰਾਤ ਤੱਕ ਡਰੱਗਜ਼ ਮਾਫੀਆ ਨਾਜਾਇਜ਼ ਧੰਦਾ ਚਲਾਉਂਦਾ ਹੈ। ਇਹ ਪਿੰਡ ਪੁਲਸ ਸਟੇਸ਼ਨ ਇੰਦੌਰਾ, ਨੰਗਲ ਭੂਰ, ਭੰਗਾਲਾ, ਮੁਕੇਰੀਆਂ, ਹਾਜੀਪੁਰ, ਤਲਵਾੜਾ, ਟੈਰਿਸ, ਫਤਿਹਪੁਰ ਅਧੀਨ ਆਉਂਦੇ ਹਨ ਅਤੇ ਬਿਆਸ ਦਰਿਆ ਕੰਢੇ ਸਥਿਤ ਹਨ। 
ਵਰਣਨਯੋਗ ਹੈ ਕਿ ਬਿਆਸ ਦਰਿਆ 'ਤੇ ਪੌਂਗ ਡੈਮ ਬਣਨ ਕਾਰਨ ਦਰਿਆ ਦੀ ਲੱਖਾਂ ਏਕੜ ਜ਼ਮੀਨ 'ਤੇ ਖੇਤੀ ਹੋਣ ਲੱਗ ਪਈ ਹੈ ਅਤੇ ਨਵੀਆਂ-ਨਵੀਆਂ ਆਬਾਦੀਆਂ ਵਸ ਚੁੱਕੀਆਂ ਹਨ। ਸਰਹੱਦ 'ਤੇ ਹੋਣ ਕਾਰਨ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਪਿੰਡਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। 
ਚਿੱਟੇ ਦਾ ਵਪਾਰਕ ਕੇਂਦਰ ਬਣਿਆ ਖੇਤਰ : 
ਨਸ਼ੀਲੀਆਂ ਵਸਤੂਆਂ ਦਾ ਥੋਕ 'ਚ ਧੰਦਾ ਕਰਨ ਵਾਲਿਆਂ ਦੇ ਦਿੱਲੀ, ਬੈਂਗਲੁਰੂ, ਨੋਇਡਾ ਤੇ ਰਾਜਸਥਾਨ ਦੇ ਅਲਵਰ ਨਾਲ ਤਾਰ ਜੁੜੇ ਹੋਏ ਹਨ। ਹਿਮਾਚਲ-ਪੰਜਾਬ ਹੱਦ 'ਤੇ ਭਦਰੋਆ, ਬਡੁੱਖਰ, ਬੇਲਾ, ਸਰਿਆਣਾ, ਇੰਦਰਾ, ਮੰਡ ਆਦਿ ਅਜਿਹੇ ਸਥਾਨ ਹਨ, ਜਿਥੇ ਰੋਜ਼ਾਨਾ ਇਹ ਗੋਰਖਧੰਦਾ ਹੁੰਦਾ ਹੈ। ਵਰਣਨਯੋਗ ਹੈ ਕਿ ਉਪਰੋਕਤ ਸਾਰੇ ਪਿੰਡ ਬਿਆਸ ਦਰਿਆ ਕੰਢੇ ਵਸੇ ਹੋਏ ਹਨ। ਸਿਰਫ ਭਦਰੋਆ ਪਿੰਡ ਚੱਕੀ ਖੱਡ 'ਤੇ ਹੈ। ਇਹ ਪਿੰਡ ਚਿੱਟੇ ਦਾ ਵਪਾਰਕ ਕੇਂਦਰ ਮੰਨਿਆ ਜਾਂਦਾ ਹੈ। 
ਹੁਣ ਤੱਕ 266 ਕੇਸ ਹੋਏ ਦਰਜ : 
ਜ਼ਿਲਾ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹਿਮਾਚਲ ਦੇ ਊਨਾ ਅਤੇ ਕਾਂਗੜਾ ਦੇ ਜ਼ਿਲਾ ਪੁਲਸ ਮੁਖੀਆਂ ਦੀ ਇਕ ਤਾਲਮੇਲ ਐਕਸ਼ਨ ਫੋਰਸ ਵੱਲੋਂ ਹੈਰੋਇਨ, ਚਰਸ, ਚਿੱਟੇ, ਅਫੀਮ, ਕੈਂਡੀ ਆਦਿ ਨਸ਼ੀਲੀਆਂ ਵਸਤਾਂ ਦਾ ਧੰਦਾ ਕਰਨ ਵਾਲੇ 356 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਪ੍ਰਸ਼ਾਸਨ ਨੇ 2016 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਣਿਆਂ 'ਚ 266 ਕੇਸ ਦਰਜ ਕੀਤੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਨੌਜਵਾਨ ਵਰਗ ਅਜੇ ਵੀ ਇਨ੍ਹਾਂ ਨਸ਼ਿਆਂ ਦੀ ਲਪੇਟ 'ਚ ਫਸਦਾ ਜਾ ਰਿਹਾ ਹੈ। 
ਚਿੱਟੇ ਕਾਰਨ ਸ਼ਰਾਬ ਦਾ ਕਾਰੋਬਾਰ ਠੱਪ : 
ਚਿੱਟੇ ਤੇ ਕੈਂਡੀ ਦਾ ਧੰਦਾ ਇੰਨਾ ਫੈਲ ਚੁੱਕਿਆ ਹੈ ਕਿ ਸ਼ਰਾਬ ਦੇ ਠੇਕੇਦਾਰ ਆਪਣਾ ਕਾਰੋਬਾਰ ਛੱਡਣ ਦੀ ਸੋਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਸੇਲ 60 ਫੀਸਦੀ ਘਟ ਗਈ ਹੈ। 25 ਸਾਲਾਂ ਤੋਂ ਸ਼ਰਾਬ ਦਾ ਕਾਰੋਬਾਰ ਕਰ ਰਹੇ ਖੋਸਲਾ ਐਂਡ ਕੰਪਨੀ, ਪ੍ਰਸ਼ੋਤਮ ਸ਼ਰਮਾ ਤੇ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਪਰੋਕਤ ਨਸ਼ੀਲੇ ਪਦਾਰਥਾਂ ਦੇ ਫੈਲੇ ਮਹਾਜਾਲ ਕਾਰਨ ਤਲਵਾੜਾ, ਹਾਜੀਪੁਰ, ਭੋਡੇ ਦਾ ਖੂਹ, ਝੀਰ ਦਾ ਖੂਹ, ਚੰਗੜਾਵਾਂ, ਬੇਲਾ, ਸਰਿਆਣਾ, ਭਵਨਾਲ, ਬੁੱਢਾਵੜ, ਖੁੰਡਾ, ਟਾਂਡਾ ਮੋੜ, ਹਰਦੋਖੁੰਦਪੁਰ, ਪੰਡੋਰੀ ਭਗਤ, ਕੋਢੂ ਦਾ ਵੇਲਾ ਆਦਿ 'ਚ ਸ਼ਰਾਬ ਦੀ ਸੇਲ ਲਗਭਗ ਠੱਪ ਹੋ ਚੁੱਕੀ ਹੈ। ਠੇਕੇਦਾਰਾਂ ਨੇ ਕਿਹਾ ਕਿ ਸਰਕਾਰ ਨੇ ਆਪਣਾ ਮਾਲੀਆ ਵਧਾਉਣ ਲਈ ਲਾਇਸੈਂਸ ਫੀਸ ਤਾਂ ਕਈ ਗੁਣਾ ਵਧਾ ਦਿੱਤੀ ਪਰ ਜਿਹੜੇ ਨਸ਼ਿਆਂ ਦੀ ਵਿਕਰੀ ਤੋਂ ਕੋਈ ਆਰਥਿਕ ਲਾਭ ਨਹੀਂ ਹੁੰਦਾ, ਕਾਂਗਰਸ ਸਰਕਾਰ ਆਉਣ 'ਤੇ ਵੀ ਉਨ੍ਹਾਂ ਨੂੰ ਨਕੇਲ ਨਹੀਂ ਪਾਈ ਜਾ ਸਕੀ।


Related News