ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸਣੇ 5 ਜੇਲ੍ਹ ਅਧਿਕਾਰੀਆਂ ਤੇ 2 ਕੈਦੀਆਂ ਵਿਰੁੱਧ FIR, ਹੈਰਾਨ ਕਰ ਦੇਵੇਗਾ ਮਾਮਲਾ
Saturday, Mar 08, 2025 - 09:05 PM (IST)

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਦੌਰਾਨ ਪੰਜਾਬ ਪੁਲਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਨੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸਮੇਤ 5 ਜੇਲ੍ਹ ਅਧਿਕਾਰੀਆਂ ਅਤੇ ਇਸੇ ਜੇਲ੍ਹ ਦੇ 2 ਕੈਦੀਆਂ ਵਿਰੁੱਧ ਨਸ਼ਾ ਤਸਕਰੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।
ਇਹ ਕਾਰਵਾਈ ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀਪੀ) ਜੇਲ੍ਹਾਂ ਤੋਂ ਪ੍ਰਾਪਤ ਰਿਪੋਰਟ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਵਿੱਚ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੀ ਮਦਦ ਕਰਨ ਲਈ ਕੁਝ ਜੇਲ੍ਹ ਅਧਿਕਾਰੀਆਂ ਅਤੇ ਕੈਦੀਆਂ ਦੀ ਮਿਲੀਭੁਗਤ ਦੇ ਖੁਲਾਸੇ ਹੋੲ ਸਨ ।
ਇਸ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏਡੀਜੀਪੀ) ਏ.ਐੱਨ.ਟੀ.ਐਫ. ਨੀਲਭ ਕਿਸ਼ੋਰ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਇੱਕ ਸੰਗਠਿਤ ਨਸ਼ਾ ਤਸਕਰੀ ਕਾਰਵਾਈ ਦੀ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ। ਜਾਂਚ ਤੋਂ ਪਤਾ ਚੱਲਿਆ ਕਿ ਕੈਦੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ, ਜਿਸ ਨੂੰ ਕੁਝ ਭ੍ਰਿਸ਼ਟ ਜੇਲ੍ਹ ਅਧਿਕਾਰੀਆਂ ਦੀ ਇਮਦਾਦ ਸੀ। ਬੇਨਿਯਮੀਆਂ ਕਰਨ ਵਾਲੇ ਇਨ੍ਹਾਂ ਜੇਲ੍ਹ ਅਧਿਕਾਰੀ ’ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਵਿੱਚ ਮਦਦ ਕਰਨ ਦਾ ਦੋਸ਼ ਹੈ, ਜਿਸ ਨਾਲ ਜੇਲ੍ਹ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਸੱਟ ਲੱਗੀ ਹੈ।
ਏਡੀਜੀਪੀ ਨੇ ਕਿਹਾ ਕਿ ਐੱਨਡੀਪੀਐਸ ਐਕਟ ਦੀਆਂ ਧਾਰਾਵਾਂ 21, 22, 29 ਅਤੇ 59 (2) ਤਹਿਤ ਐੱਸਏਐੱਸ ਨਗਰ ਦੇ ਪੁਲਸ ਸਟੇਸ਼ਨ ਏਐੱਨਟੀਐੱਫ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਸਵੇਰੇ 10 ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ ਤਲਾਸ਼ੀ ਲਈ ਗਈ।
ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਕਾਰਵਾਈਆਂ ਦੀ ਉਮੀਦ ਹੈ ਕਿਉਂਕਿ ਅਧਿਕਾਰੀ ਤਸਕਰੀ ਦੇ ਇਸ ਗਠਜੋੜ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰਨ ਵਿੱਚ ਲੱਗੇ ਹਨ।
ਜਿਕਰਯੋਗ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ।