ਪੰਜਾਬ ''ਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਮੰਗਵਾਉਣ ਵਾਲੇ 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ

Tuesday, Jun 30, 2026 - 06:19 PM (IST)

ਪੰਜਾਬ ''ਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਮੰਗਵਾਉਣ ਵਾਲੇ 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ

ਅੰਮ੍ਰਿਤਸਰ (ਰਮਨ): ਅੰਮ੍ਰਿਤਸਰ ਪੁਲਸ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰ ਮੰਗਵਾਉਣ ਵਾਲੇ ਇੱਕ ਅੰਤਰਰਾਸ਼ਟਰੀ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਡੀ.ਸੀ.ਪੀ. ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਵਿਖੇ ਐੱਫਆਈਆਰ ਨੰਬਰ 142/26 ਦਰਜ ਕੀਤੀ ਗਈ ਹੈ। 25 ਜੂਨ 2026 ਨੂੰ ਐੱਸ.ਐੱਚ.ਓ. ਸੁਲਤਾਨਵਿੰਡ ਅਤੇ ਏ.ਐੱਸ.ਆਈ. ਦਿਲਬਾਗ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਨੇ ਬਿਨਾਂ ਨੰਬਰ ਵਾਲੇ ਇਕ ਦੋਪਹੀਆ ਵਾਹਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਵਾਹਨ 'ਤੇ ਸਵਾਰ ਗੁਰਸੇਵਕ ਸਿੰਘ ਅਤੇ ਨਿਰਵੈਲ ਸਿੰਘ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਨ੍ਹਾਂ ਵਿਚੋਂ ਤਿੰਨ ਕਾਰਤੂਸ ਪਿਸਤੌਲ ਦੀ ਮੈਗਜ਼ੀਨ ਵਿਚ ਸਨ, ਜਦਕਿ ਦੋ ਕਾਰਤੂਸ ਨਿਰਵੈਲ ਸਿੰਘ ਦੀ ਜੇਬ ਵਿੱਚੋਂ ਮਿਲੇ।

ਪੁਲਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਪਹਿਲਾਂ ਤੋਂ ਹੀ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਹੇ ਹਨ। ਗੁਰਸੇਵਕ ਸਿੰਘ ਅਤੇ ਨਿਰਵੈਲ ਸਿੰਘ ਖ਼ਿਲਾਫ਼ ਥਾਣਾ ਛੇਹਰਟਾ ਵਿਚ 30 ਅਪ੍ਰੈਲ 2026 ਨੂੰ ਇਕ ਘਰ 'ਤੇ ਫਾਇਰਿੰਗ ਕਰਨ ਸਬੰਧੀ ਮਾਮਲਾ ਦਰਜ ਹੈ ਅਤੇ ਦੋਵੇਂ ਉਸ ਮਾਮਲੇ ਵਿੱਚ ਭਗੌੜੇ ਚੱਲ ਰਹੇ ਸਨ। ਡੀ.ਸੀ.ਪੀ. ਨੇ ਦੱਸਿਆ ਕਿ ਅਗਲੀ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸੰਪਰਕ ਵਿਚ ਸਨ ਅਤੇ ਡਰੋਨ ਰਾਹੀਂ ਹਥਿਆਰ ਤੇ ਨਸ਼ੀਲਾ ਸਮਾਨ ਮੰਗਵਾਉਂਦੇ ਸਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਸ਼ਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਸ਼ਨਪ੍ਰੀਤ ਖ਼ਿਲਾਫ਼ ਪਹਿਲਾਂ ਹੀ ਕਰਿੰਡੀ ਥਾਣੇ ਵਿਚ ਦੋ ਕਿੱਲੋ ਹੈਰੋਇਨ ਨਾਲ ਸਬੰਧਿਤ ਮਾਮਲਾ ਦਰਜ ਹੈ, ਜਦਕਿ ਗੁਰਸੇਵਕ ਸਿੰਘ ਖ਼ਿਲਾਫ਼ ਵੀ ਕਈ ਹੋਰ ਕੇਸ ਦਰਜ ਹਨ। ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਬਾਹਰ ਸਨ।

ਪੁਲਸ ਮੁਤਾਬਕ ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਵਿਚੋਂ ਤਿੰਨ ਬੇਰੁਜ਼ਗਾਰ ਹਨ, ਜਦਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਠੇਕੇ 'ਤੇ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਪੁਲਸ ਨੇ ਚਾਰ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਡੀ.ਸੀ.ਪੀ. ਆਲਮ ਵਿਜੇ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਪੁਲਸ ਸਰਹੱਦ ਪਾਰ ਤੋਂ ਚੱਲ ਰਹੀਆਂ ਨਸ਼ਾ ਅਤੇ ਹਥਿਆਰ ਤਸਕਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ। 


author

Anmol Tagra

Content Editor

Related News