ਪਾਕਿਸਤਾਨ ਦੇ ਸ੍ਰੀ ਕ੍ਰਿਸ਼ਨ ਮੰਦਰ ’ਚ ਜਨਮ ਅਸ਼ਟਮੀ ਮੌਕੇ ਵਿਵਾਦ
Wednesday, Sep 23, 2026 - 01:05 AM (IST)
ਅੰਮ੍ਰਿਤਸਰ (ਸਰਬਜੀਤ) - ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਜ਼ਿਲੇ ਦੀ ਤਹਿਸੀਲ ਸਾਦਿਕਾਬਾਦ ਸਥਿਤ ਸ੍ਰੀ ਕ੍ਰਿਸ਼ਨ ਮੰਦਰ ਵਿਚ ਜਨਮ ਅਸ਼ਟਮੀ ਸਮਾਗਮ ਦੌਰਾਨ ਵਾਪਰੇ ਕਥਿਤ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ।
ਵਾਇਰਲ ਵੀਡੀਓ ਨੂੰ ਲੈ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ’ਤੇ ਧਾਰਮਿਕ ਮਰਿਆਦਾ ਦੀ ਉਲੰਘਣਾ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਦੋਸ਼ ਹੈ ਕਿ ਜਿਸ ਸਮੇਂ ਹਿੰਦੂ ਭਾਈਚਾਰੇ ਦੇ ਸ਼ਰਧਾਲੂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾ ਰਹੇ ਸਨ ਅਤੇ ਮੰਦਰ ਵਿਚ ਧਾਰਮਿਕ ਰਸਮਾਂ ਚੱਲ ਰਹੀਆਂ ਸਨ, ਉਸੇ ਦੌਰਾਨ ਰਮੇਸ਼ ਸਿੰਘ ਅਰੋੜਾ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਜੁੱਤੀਆਂ ਪਹਿਨੇ ਹੋਏ ਮੰਚ ’ਤੇ ਪਹੁੰਚ ਗਏ। ਇਸ ਸਬੰਧੀ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਕੌਮੀ ਸਕੱਤਰ ਜਨਰਲ ਗੁੰਜੀਤ ਸਿੰਘ ਬਖਸ਼ੀ ਨੇ ਘਟਨਾ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਹਿੰਦੂ-ਸਿੱਖ ਏਕਤਾ ਅਤੇ ਸਦੀਆਂ ਪੁਰਾਣੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਘਟਨਾ ਦੱਸਿਆ ਹੈ।
ਬਖਸ਼ੀ ਨੇ ਕਿਹਾ ਕਿ ਸਿੱਖ ਧਰਮ ਹਰ ਧਰਮ ਅਤੇ ਉਸ ਦੇ ਪੂਜਾ ਸਥਾਨ ਦੇ ਸਤਿਕਾਰ ਦੀ ਸਿੱਖਿਆ ਦਿੰਦਾ ਹੈ। ਮਰਿਆਦਾ ਦੀ ਪਾਲਣਾ ਕਰਨ ਵਾਲਾ ਕੋਈ ਵੀ ਸਿੱਖ, ਭਾਵੇਂ ਮੰਦਰ ਹੋਵੇ ਜਾਂ ਗੁਰਦੁਆਰਾ, ਜੁੱਤੀਆਂ ਪਾ ਕੇ ਕਿਸੇ ਪਵਿੱਤਰ ਧਾਰਮਿਕ ਸਥਾਨ ’ਤੇ ਜਾਣਾ ਤਾਂ ਦੂਰ, ਅਜਿਹਾ ਸੋਚ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਵਾਇਰਲ ਵੀਡੀਓ ਨੂੰ ਲੈ ਕੇ ਸ਼ਰਧਾਲੂਆਂ ਨੂੰ ਧੱਕੇ ਦੇ ਕੇ ਬਾਹਰ ਕੱਢਣ ਅਤੇ ਧਾਰਮਿਕ ਮਰਿਆਦਾ ਦੀ ਉਲੰਘਣਾ ਸਬੰਧੀ ਲਗਾਏ ਜਾ ਰਹੇ ਦੋਸ਼ ਸਹੀ ਹਨ ਤਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ਾਂ ਮੁਤਾਬਕ, ਸਮਾਗਮ ਵਿਚ ਮੌਜੂਦ ਕਈ ਸ਼ਰਧਾਲੂਆਂ ਨੇ ਜਨਮ ਅਸ਼ਟਮੀ ਦਾ ਵਰਤ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਧਾਰਮਿਕ ਸਮਾਗਮ ਤੋਂ ਬਾਅਦ ਉਥੇ ਹੀ ਆਪਣਾ ਵਰਤ ਖੋਲ੍ਹਣਾ ਸੀ। ਇਸੇ ਦੌਰਾਨ ਕੁਝ ਸ਼ਰਧਾਲੂਆਂ ਨੂੰ ਕਥਿਤ ਤੌਰ ’ਤੇ ਧੱਕੇ ਦੇ ਕੇ ਉਥੋਂ ਬਾਹਰ ਕੱਢ ਦਿੱਤਾ ਗਿਆ।
ਬਖਸ਼ੀ ਨੇ ਇਸ ਕਾਰਵਾਈ ਪਿੱਛੇ ਰਮੇਸ਼ ਸਿੰਘ ਅਰੋੜਾ ਦੀ ਸੁਰੱਖਿਆ ਨੂੰ ਖ਼ਤਰਾ ਹੋਣ ਦਾ ਹਵਾਲਾ ਦਿੱਤਾ ਗਿਆ। ਹਾਲਾਂਕਿ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਸੁਰੱਖਿਆ ਕਾਰਨਾਂ ਕਰ ਕੇ ਵੀ ਕਿਸੇ ਧਾਰਮਿਕ ਸਥਾਨ ਦੀ ਮਰਿਆਦਾ ਅਤੇ ਉਥੇ ਮੌਜੂਦ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ? ਵੀਡੀਓ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਣ ਤੋਂ ਬਾਅਦ ਘਟਨਾ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਕੁਝ ਵਰਗਾਂ ਵੱਲੋਂ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਪੂਰੇ ਘਟਨਾਕ੍ਰਮ ਨੇ ਧਾਰਮਿਕ ਸਥਾਨਾਂ ਦੀ ਮਰਿਆਦਾ ਅਤੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਬਖਸ਼ੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਇਕ ਵਿਅਕਤੀ ਦੇ ਕਥਿਤ ਵਤੀਰੇ ਨੂੰ ਪੂਰੇ ਸਿੱਖ ਭਾਈਚਾਰੇ ਨਾਲ ਜੋੜਨਾ ਉਚਿਤ ਨਹੀਂ ਹੈ। ਹਿੰਦੂ ਅਤੇ ਸਿੱਖ ਭਾਈਚਾਰੇ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ ਅਤੇ ਅਜਿਹੀ ਕਿਸੇ ਵੀ ਘਟਨਾ ਨੂੰ ਦੋਵਾਂ ਭਾਈਚਾਰਿਆਂ ਵਿਚਕਾਰ ਦਰਾਰ ਪੈਦਾ ਕਰਨ ਦਾ ਕਾਰਨ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਹੈ।
