ਨਸ਼ਿਆਂ ਦੀ ਤਸਕਰੀ ਕਰਨ ਵਾਲਾ ਦੋਧੀ 12ਵੀਂ ਵਾਰ ਅਫੀਮ ਸਮੇਤ ਕਾਬੂ

03/03/2021 8:00:15 PM

ਮਾਛੀਵਾੜਾ ਸਾਹਿਬ, (ਟੱਕਰ)- ਮਾਛੀਵਾੜਾ ਪੁਲਸ ਵਲੋਂ ਨਸ਼ੇ ਦੇ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਇੱਕ ਮਹੀਨੇ ਅੰਦਰ ਅਫ਼ੀਮ ਦਾ ਤੀਜਾ ਤਸਕਰ ਗੁਰਮੁਖ ਸਿੰਘ ਦੋਧੀ ਵਾਸੀ ਰਾਏਪੁਰ ਬੇਟ ਨੂੰ ਕਾਬੂ ਕੀਤਾ ਹੈ ਜਿਸ ਤੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਮਾਛੀਵਾੜਾ ਥਾਣਾ ਦੇ ਮੁਖੀ ਰਾਜੇਸ਼ ਠਾਕੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਟੀ-ਪੁਆਇੰਟ ਰਾਏਪੁਰ ਨੇੜ੍ਹੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਵਿਅਕਤੀ ਪੁਲਸ ਨੂੰ ਦੇਖ ਭੱਜਣ ਲੱਗਿਆ ਅਤੇ ਉਸਨੇ ਆਪਣੇ ਪਾਏ ਕੁੜਤੇ ’ਚੋਂ ਮੋਮੀ ਕਾਗਜ਼ ਦਾ ਵਜ਼ਨਦਾਰ ਲਿਫ਼ਾਫਾ ਸੁੱਟ ਦਿੱਤਾ। ਪੁਲਸ ਵਲੋਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਸੁੱਟੇ ਗਏ ਲਿਫ਼ਾਫੇ ’ਚੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਗੁਰਮੁਖ ਸਿੰਘ ਵਾਸੀ ਰਾਏਪੁਰ ਬੇਟ ਵਜੋਂ ਹੋਈ ਜੋ ਦੁੱਧ ਦਾ ਕਾਰੋਬਾਰ ਕਰਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਮੁਖ ਸਿੰਘ ’ਤੇ ਪਹਿਲਾਂ ਵੀ ਮਾਛੀਵਾੜਾ ਥਾਣਾ ’ਚ 11 ਮਾਮਲੇ ਤਸਕਰੀ ਦੇ ਦਰਜ਼ ਹਨ ਅਤੇ ਅੱਜ 12ਵਾਂ ਮਾਮਲਾ ਅਫ਼ੀਮ ਬਰਾਮਦ ਕਰ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਗੁਰਮੁਖ ਸਿੰਘ ਨਸ਼ੇ ਦੀ ਤਸਕਰੀ ਦਾ ਆਦੀ ਹੈ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਉਹ ਅਫ਼ੀਮ ਇਲਾਕੇ ’ਚ ਕਿਹੜੇ-ਕਿਹੜੇ ਵਿਅਕਤੀਆਂ ਨੂੰ ਵੇਚਦਾ ਹੈ। ਪੁਲਸ ਜਾਂਚ ਦੌਰਾਨ ਕਥਿਤ ਦੋਸ਼ੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਉੱਪਰ 11 ਮਾਮਲੇ ਦਰਜ ਹਨ ਜਿਸ ਕਾਰਨ ਉਸਦਾ ਕੋਰਟ ਕਚਹਿਰੀਆਂ ਵਿਚ ਕਾਫ਼ੀ ਖਰਚ ਹੋ ਜਾਂਦਾ ਹੈ ਜੋ ਦੁੱਧ ਦੇ ਕਾਰੋਬਾਰ ’ਚੋਂ ਨਹੀ ਨਿਕਲਦਾ, ਇਸ ਲਈ ਉਹ ਪਿਛਲੇ ਕੇਸਾਂ ਨੂੰ ਨਿਪਟਾਉਣ ਦੇ ਚੱਕਰ ਵਿਚ ਤਸਕਰੀ ਦਾ ਰਾਹ ਨਹੀਂ ਛੱਡ ਸਕਿਆ।
20 ਸਾਲਾਂ ’ਚ ਤਸਕਰੀ ਦੇ 12 ਮਾਮਲੇ ਦਰਜ
ਮਾਛੀਵਾੜਾ ਪੁਲਸ ਥਾਣਾ ’ਚ ਗੁਰਮੁਖ ਸਿੰਘ ਖ਼ਿਲਾਫ਼ ਪਿਛਲੇ 20 ਸਾਲਾਂ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 12 ਵੱਖ-ਵੱਖ ਮਾਮਲੇ ਦਰਜ ਹੋਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ 1991 ’ਚ ਗੁਰਮੁਖ ਸਿੰਘ ਦੋਧੀ ਖ਼ਿਲਾਫ਼ 39 ਡਰੱਮ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਹੋਇਆ, 1998 ’ਚ 9 ਬੋਤਲਾਂ ਨਾਜਾਇਜ਼ ਸ਼ਰਾਬ, 2010 ’ਚ 3 ਕਿਲੋ ਭੁੱਕੀ, 2010  ’ਚ 20 ਕਿਲੋ ਭੁੱਕੀ, 2015 ’ਚ ਗੁਰਮੁਖ ਸਿੰਘ ਵੱਡੇ ਗਿਰੋਹ 9 ਵਿਅਕਤੀਆਂ ਸਮੇਤ ਕਾਬੂ ਆਇਆ ਜਿਨ੍ਹਾਂ ਤੋਂ 3 ਕਿਲੋ ਭੁੱਕੀ, 820 ਗ੍ਰਾਮ ਨਸ਼ੀਲਾ ਪਾਊਡਰ, 14 ਸ਼ੀਸ਼ੀਆਂ ਰੈਸਕੋਫ਼, 2017 ’ਚ 30 ਕਿਲੋ ਭੁੱਕੀ, 2018 ’ਚ 400 ਗ੍ਰਾਮ ਅਫ਼ੀਮ, 2019 ’ਚ 12 ਬੋਤਲਾਂ ਨਾਜਾਇਜ਼ ਸ਼ਰਾਬ, 2019 ’ਚ 5 ਕਿਲੋ ਭੁੱਕੀ, 12 ਬੋਤਲਾਂ ਨਾਜਾਇਜ਼ ਸ਼ਰਾਬ, 2020 ’ਚ 12 ਬੋਤਲਾਂ ਨਾਜਾਇਜ਼ ਸ਼ਰਾਬ, 2020 ’ਚ 3 ਕਿਲੋ ਭੁੱਕੀ ਅਤੇ ਹੁਣ 2021 ’ਚ 400 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ।  


Bharat Thapa

Content Editor

Related News