ਐੱਸ. ਟੀ. ਐੱਫ. ਦੀ ਟੀਮ ਤੇ ਤਸਕਰਾਂ 'ਚ ਮੁੱਠਭੇੜ, ਮੁਲਾਜ਼ਮ ਦੇ ਲੱਗੀ ਗੋਲੀ

09/10/2019 2:55:28 PM

ਅੰਮ੍ਰਿਤਸਰ (ਵੈੱਬ ਡੈਸਕ) - ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸ. ਟੀ. ਐੱਫ. ਬਾਰਡਰ ਰੇਜ਼ ਦੀ ਟੀਮ ਦੇ ਇਕ ਜਵਾਨ ਨੇ ਗੋਲੀ ਲੱਗਣ ਦੇ ਬਾਵਜੂਦ ਜ਼ਖਮੀ ਹੋਣ 'ਤੇ ਨਸ਼ਾ ਤਸਕਰਾਂ ਨਾਲ ਮੁਠਭੇੜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਕਰਨਬੀਰ ਸਿੰਘ ਉਰਫ ਕਰਨ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ, ਜਿਸ  ਤੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਸਕਰ ਦਾ ਦੂਜਾ ਸਾਥੀ, ਜੋ ਭੱਜਣ 'ਚ ਕਾਮਯਾਬ ਹੋ ਗਿਆ, ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਵਜੋਂ ਹੈ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।

ਪ੍ਰੈੱਸ ਕਾਨਫਰੰਸ ਕਰਦਿਆਂ ਆਰ.ਕੇ. ਜੈਸਵਾਲ, ਇੰਸਪੈਕਟਰ ਜਨਰਲ ਪੁਲਸ, ਐੱਸ.ਟੀ.ਐੱਫ. ਪੰਜਾਬ ਅਤੇ ਚੰਡੀਗੜ੍ਹ ਨੇ ਕਿਹਾ ਕਿ ਐੱਸ.ਟੀ.ਐੱਫ. ਬਾਰਡਰ ਰੇਜ਼ ਅੰਮ੍ਰਿਤਸਰ ਦੀਆਂ 2 ਟੀਮਾਂ ਪੁਲਸ ਪਾਰਟੀ ਨਾਲ ਮਿਲ ਕੇ ਭੈੜੇ ਪੁਰਸ਼ਾਂ ਅਤੇ ਨਸ਼ਾਂ ਤਸਕਰਾਂ ਦੀ ਤਲਾਸ਼ ਲਈ ਅੰਮ੍ਰਿਤਸਰ ਤੋਂ ਲੋਪੋਕੇ ਸਾਇਡ ਨੂੰ ਜਾ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਹੈਰੋਇਨ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰ ਪਿੰਡ ਕੋਹਾਲੀ ਆ ਰਹੇ ਹਨ, ਜਿਨ੍ਹਾਂ ਦੇ ਭਾਰਤ-ਪਾਕਿ ਦੇ ਬਦਮਾਨ ਸਮੱਗਲਰਾਂ ਨਾਲ ਸਬੰਧ ਹਨ। ਇਸ ਸੂਚਨਾ ਦੇ ਆਧਾਰ 'ਤੇ ਏ.ਐੱਸ.ਆਈ. ਕਸ਼ਮੀਰ ਸਿਘ ਨੇ ਪਾਰਟੀ ਨਾਲ ਮਿਲ ਕੇ ਪਿੰਡ ਦੀ ਨਾਕੇਬੰਦੀ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਰੋਕ ਲਿਆ, ਜਿਨ੍ਹਾਂ ਨੇ ਮੌਕਾ ਦੇਖ ਭੱਜਣ ਦੀ ਕੋਸ਼ਿਸ਼ ਕੀਤੀ। ਸਿਪਾਹੀ ਗੁਰਸੇਵਕ ਸਿੰਘ ਨੇ ਤਸਕਰ ਕਰਨਬੀਰ ਨੂੰ ਯਕਦਮ ਜੱਫਾ ਪਾ ਲਿਆ ਤਾਂਕਿ ਉਹ ਭੱਜ ਨਾ ਸਕੇ ਪਰ ਕਰਨਬੀਰ ਨੇ ਆਪਣੀ ਡੱਬ 'ਚੋਂ ਰਿਵਾਲਵਰ ਕੱਢਕੇ ਸਿਪਾਹੀ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ 'ਚ ਲੱਗ ਗਈ।

ਸਿਪਾਹੀ ਨੇ ਵੀ ਆਪਣਾ ਬਚਾਅ ਕਰਦੇ ਹੋਏ 4 ਫਾਇਰ ਕੀਤੇ ਪਰ ਤਸਕਰ ਬਚ ਗਿਆ। ਸਿਪਾਹੀ ਗੁਰਸੇਵਕ ਸਿੰਘ ਨੇ ਬਹਾਦਰੀ, ਦਲੇਰੀ ਅਤੇ ਸੂਝ-ਬੂਝ ਨਾਲ ਕਰਨਬੀਰ ਸਿੰਘ ਨੂੰ ਜਫਾ ਪਾਉਂਦੇ ਹੋਏ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਪਰ ਉਸ ਦਾ ਦੂਜਾ ਸਾਥੀ ਮੌਕਾ ਦੇਖ ਫਰਾਰ ਹੋ ਗਿਆ। ਕਾਬੂ ਕੀਤੇ ਤਸਕਰ ਤੋਂ ਪੁਲਸ ਨੇ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੇ ਆਧਾਰ 'ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਨੇ ਜ਼ਖਮੀ ਸਿਪਾਹੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।


rajwinder kaur

Content Editor

Related News