ਫ਼ਸਲ ਵੱਢਣ ਤੋਂ ਬਾਅਦ ਖੇਤਾਂ ’ਚੋਂ ਮਿਲ ਰਹੇ ਡਰੋਨ, ਇਕੋ ਦਿਨ ’ਚ ਮਿਲੇ 3 ਡਰੋਨ ਤੇ 3 ਕਰੋੜ ਦੀ ਹੈਰੋਇਨ

Sunday, Oct 13, 2024 - 12:08 PM (IST)

ਫ਼ਸਲ ਵੱਢਣ ਤੋਂ ਬਾਅਦ ਖੇਤਾਂ ’ਚੋਂ ਮਿਲ ਰਹੇ ਡਰੋਨ, ਇਕੋ ਦਿਨ ’ਚ ਮਿਲੇ 3 ਡਰੋਨ ਤੇ 3 ਕਰੋੜ ਦੀ ਹੈਰੋਇਨ

ਅੰਮ੍ਰਿਤਸਰ (ਨੀਰਜ)-ਸੁਰੱਖਿਆ ਏਜੰਸੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਹੱਦ ’ਤੇ ਡਰੋਨਾਂ ਰਾਹੀਂ ਹੋਣ ਵਾਲੀ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹਾਲਾਤ ਇਹ ਹਨ ਕਿ ਜਿਵੇਂ-ਜਿਵੇਂ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਗਈ ਹੈ, ਉਵੇਂ ਹੀ ਖੇਤਾਂ ’ਚ ਹਾਦਸਾਗ੍ਰਸਤ ਹਾਲਤ ਵਿਚ ਲਾਵਾਰਿਸ ਡਰੋਨ ਪਤੰਗਾਂ ਵਾਂਗ ਮਿਲ ਰਹੇ ਹਨ। ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਦਿਨ ਵਿਚ 3 ਡਰੋਨ ਜ਼ਬਤ ਕੀਤੇ। ਇਸ ਦੇ ਨਾਲ ਹੀ 3 ਕਰੋੜ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ। ਇਨ੍ਹਾਂ ’ਚੋਂ ਇਕ ਡਰੋਨ ਪਿੰਡ ਮੂਲਾਂਕੋਟ, ਦੂਜਾ ਡਰੋਨ ਦਾਉਕੇ ਅਤੇ ਤੀਜਾ ਡਰੋਨ ਰਾਜਾਤਾਲ ਦੇ ਖੇਤਾਂ ’ਚੋਂ ਮਿਲਿਆ। ਨਾਲ ਲੱਗਦੇ ਜ਼ਿਲ੍ਹਾ ਤਰਨਤਾਰਨ ’ਚ ਵੀ ਇਕ ਦਿਨ ਵਿਚ 3 ਡਰੋਨ ਹਾਦਸਾਗ੍ਰਸਤ ਹਾਲਤ ’ਚ ਮਿਲੇ ਹਨ।

ਇਹ ਦੇਖਣ ਵਿਚ ਆਇਆ ਹੈ ਕਿ ਵੱਡੇ ਡਰੋਨ ਮਹਿੰਗੇ ਅਤੇ ਇਨ੍ਹਾਂ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਸਮੱਲਗਰਾਂ ਨੇ ਪੈਂਤਰਾ ਬਦਲਿਆ ਹੈ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਲਈ ਵੱਡੇ ਡਰੋਨਾਂ ਦੀ ਬਜਾਏ ਮਿੰਨੀ ਡਰੋਨ ਉਡਾ ਰਹੇ ਹਨ ਤਾਂ ਜੋ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਬੀ. ਐੱਸ. ਐੱਫ. ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਿਛਲੇ ਇਕ ਹਫਤੇ ਦੌਰਾਨ ਬੀ. ਐੱਸ. ਐੱਫ. ਅਤੇ ਦਿਹਾਤੀ ਪੁਲਸ ਵੱਲੋਂ ਚਲਾਏ ਜਾ ਰਹੇ ਸਾਂਝੇ ਆਪ੍ਰੇਸ਼ਨਾਂ ਦੌਰਾਨ 15 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ ਜੋ ਕਿ ਸਰਹੱਦੀ ਕੰਡਿਆਲੀ ਤਾਰ ਦੇ ਨੇੜੇ ਖੇਤਾਂ ’ਚ ਲਾਵਾਰਿਸ ਜਾਂ ਹਾਦਸਾਗ੍ਰਸਤ ਹਾਲਤ ਵਿਚ ਪਏ ਮਿਲੇ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਡਰੋਨ ਮੂਵਮੈਂਟ ਲਈ ਕੁਝ ਇਲਾਕੇ ਹਨ ਬਦਨਾਮ

ਜਿਨ੍ਹਾਂ ਇਲਾਕਿਆਂ ਵਿਚ ਸਭ ਤੋਂ ਜ਼ਿਆਦਾ ਡਰੋਨ ਉੱਡਣ ਅਤੇ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਧਨੋਆ ਖੁਰਦ, ਰਤਨ ਖੁਰਦ, ਰਾਜਾਤਾਲ, ਦਾਉਕੇ, ਨੇਸ਼ਟਾ, ਕੱਕੜ ਦੇ ਨਾਂ ਸ਼ਾਮਲ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਸਰਹੱਦੀ ਕੰਡਿਆਲੀ ਤਾਰ ਖੇਤਾਂ ਅਤੇ ਪਿੰਡਾਂ ਦੇ ਬਹੁਤ ਨੇੜੇ ਹੈ। ਇਸ ਕਾਰਨ ਸਮੱਗਲਰ ਡਰੋਨ ਨੂੰ ਆਸਾਨੀ ਨਾਲ ਆਪਣੀ ਮਨਪਸੰਦਾ ਥਾਂ ’ਤੇ ਲੈਂਡ ਕਰਵਾ ਸਕਦੇ ਹਨ ਅਤੇ ਵਾਪਸ ਭੇਜ ਸਕਦੇ ਹਨ।

ਇਕ ਤੋਂ ਡੇਢ ਕਿਲੋ ਭਾਰ ਚੁੱਕ ਸਕਦੇ ਹਨ ਮਿੰਨੀ ਡਰੋਨ

ਬੀ. ਐੱਸ. ਐੱਫ. ਵੱਲੋਂ ਜ਼ਬਤ ਕੀਤੇ ਗਏ ਮਿੰਨੀ ਡਰੋਨ ਇਕ ਤੋਂ ਡੇਢ ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਸਮੱਗਲਰ 18 ਤੋਂ 25 ਕਿਲੋ ਦੀਆਂ ਵੱਡੀਆਂ ਖੇਪਾਂ ਦਾ ਆਰਡਰ ਦੇਣ ਦੀ ਬਜਾਏ ਇਕ-ਇਕ ਕਿਲੋ ਦੀਆਂ ਛੋਟੀਆਂ ਖੇਪਾਂ ਦਾ ਆਰਡਰ ਦੇ ਰਹੇ ਹਨ। ਇਕ ਵਾਰ ਫੇਰੀ ਆਰਡਰ ਕਰਨ ਦੀ ਬਜਾਏ ਉਹ ਰਾਤ ’ਚ 4-5 ਵਾਰ ਡਰੋਨ ਫੇਰੀ ਆਰਡਰ ਕਰ ਰਹੇ ਹਨ। ਮਿੰਨੀ ਡਰੋਨ ਦੇ ਘੱਟ ਸ਼ੋਰ ਪੱਧਰ ਦੇ ਕਾਰਨ ਉਨ੍ਹਾਂ ਨੂੰ ਆਸਾਨੀ ਨਾਲ ਟ੍ਰੇਸ ਨਹੀਂ ਕੀਤਾ ਜਾ ਸਕਦਾ ਹੈ। ਗੋਲੀ ਦਾ ਨਿਸ਼ਾਨਾ ਵੀ ਇਸ ’ਤੇ ਆਸਾਨੀ ਨਾਲ ਨਹੀਂ ਲੱਗਦਾ ਹੈ।

ਇਹ ਵੀ ਪੜ੍ਹੋ- ਜਾਇਦਾਦ ਨੂੰ ਲੈ ਕੇ 2 ਭਰਾਵਾਂ ’ਚ ਤਕਰਾਰ, ਭਰਜਾਈ ਨਾਲ ਕੀਤੀ ਸ਼ਰਮਨਾਕ ਹਰਕਤ

ਵੱਡਾ ਡਰੋਨ 8 ਤੋਂ 10 ਲੱਖ, ਮਿੰਨੀ ਡਰੋਨ ਦੀ ਕੀਮਤ 2 ਲੱਖ

ਵੱਡੇ ਡਰੋਨ ਦੀ ਲੰਬਾਈ ਅਤੇ ਚੌੜਾਈ 8 ਤੋਂ 7 ਫੁੱਟ ਦੇ ਵਿਚਕਾਰ ਹੁੰਦੀ ਹੈ। ਚੀਨ ਦੇ ਬਣੇ ਮੇਡ ਡਰੋਨ ਦੀ ਕੀਮਤ 8 ਤੋਂ 10 ਲੱਖ ਰੁਪਏ ਤੱਕ ਹੁੰਦੀ ਹੈ, ਜਿਸ ਨੂੰ ਅਸੈਂਬਲਡ ਕੀਤਾ ਹੁੰਦਾ ਹੈ, ਜਦਕਿ ਚੀਨ ਦੇ ਬਣੇ ਮਿੰਨੀ ਡਰੋਨ ਦੀ ਕੀਮਤ 1 ਤੋਂ 2 ਲੱਖ ਰੁਪਏ ਦੇ ਵਿਚਕਾਰ ਹੈ। ਅਜਿਹੇ ਵਿਚ ਜਦੋਂ ਬੀ. ਐੱਸ. ਐੱਫ. ਵਲੋਂ ਡਰੋਨ ਸੁੱਟ ਦਿੱਤਾ ਜਾਂਦਾ ਹੈ ਤਾਂ ਫਿਰ ਤਕਨੀਕੀ ਨੁਕਸ ਕਾਰਨ ਡਰੋਨ ਡਿੱਗ ਜਾਂਦਾ ਹੈ, ਨੁਕਸਾਨ ਘੱਟ ਹੁੰਦਾ ਹੈ।

ਸਾਊਂਡ ਲੈੱਸ ਅਮਰੀਕਨ ਡਰੋਨ ਦੀ ਵੀ ਵਰਤੋਂ ਕਰ ਰਹੇ ਸਮੱਗਲਰ

ਚਾਈਨਾ ਮੇਡ ਡਰੋਨਾਂ ਨਾਲ ਸਮੱਗਲਰਾਂ ਵੱਲੋਂ ਅਮਰੀਕਾ ਮੇਡ ਸਾਊਂਡ ਲੈੱਸ ਡਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਤੱਕ ਹੁੰਦੀ ਹੈ। ਇਸ ਡਰੋਨ ਵਿਚ ਨਾਈਟ ਵਿਜ਼ਨ ਦੀ ਸੁਵਿਧਾ ਵੀ ਹੁੰਦੀ ਹੈ, ਜਿਸ ਕਾਰਨ ਸਮੱਗਲਰ ਅਸਾਨੀ ਨਾਲ ਫੇਰੀ ਲਾ ਸਕਦੇ ਹਨ। ਹਾਲ ਹੀ ਵਿਚ ਐੱਸ. ਟੀ. ਐੱਫ. ਵੱਲੋਂ ਅਟਾਰੀ ਦੇ ਸਰਹੱਦੀ ਇਕ ਪਿੰਡ ਵਿਚ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ 3 ਸਾਲਾਂ ਤੋਂ ਅਮਰੀਕਨ ਡਰੋਨ ਦੀ ਵਰਤੋ ਕਰ ਰਹੇ ਹਨ, ਜੋ ਹੈਰੋਇਨ ਦੀ ਪੇਖ ਨਾਲ ਰੰਗੇ ਹੱਥੀਂ ਫੜੇ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਜੇਲ੍ਹਾਂ ’ਚੋਂ ਚੱਲ ਰਿਹਾ ਹੈਰੋਇਨ ਸਮੱਗਲਿੰਗ ਦਾ ਨੈੱਟਵਰਕ

ਜੇਲ੍ਹਾਂ ਅੰਦਰੋਂ ਹੈਰੋਇਨ ਦੀ ਸਮੱਗਲਿੰਗ ਦਾ ਨੈੱਟਵਰਕ ਚੱਲ ਰਿਹਾ ਹੈ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਬੀਤੇ ਦਿਨ ਸਿਟੀ ਪੁਲਸ ਨੇ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿੱਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਏਜੰਸੀਆਂ ਵਲੋਂ ਡਰੋਨ ਅਤੇ ਖੇਪ ਲੈਣ ਆਏ ਕੈਰੀਅਰਾਂ ਨੂੰ ਤਾਂ ਫੜਿਆ ਜਾ ਰਿਹਾ ਹੈ ਪਰ ਸਮੱਗਲਿੰਗ ਦੇ ਕਾਲੇ ਕਾਰੋਬਾਰ ਦੇ ਵੱਡੇ ਆਕਾ ਅਜੇ ਵੀ ਕਾਨੂੰਨੀ ਸ਼ਿਕੰਜ਼ੇ ਤੋਂ ਬਾਹਰ ਚੱਲ ਰਹੇ ਹਨ ਅਤੇ ਪਰਦੇ ਦੇ ਪਿੱਛੋਂ ਕੰਮ ਕਰ ਰਹੇ ਹਨ। ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਆਰਥਿਕ ਲਾਲਚ ਦੇ ਕੇ ਇਹ ਆਕਾ ਆਪਣਾ ਸ਼ਿਕਾਰ ਬਣਾ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News