ਪੰਜਾਬ ਪੁਲਸ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ''ਤੇ ''ਡਰੋਨ'' ਰਾਹੀਂ ਰੱਖੇਗੀ ਨਜ਼ਰ, ਕੋਈ ਨਹੀਂ ਬਚੇਗਾ
Saturday, Apr 04, 2020 - 10:16 AM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੰਜਾਬ 'ਚ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਇਸ ਸਮੇਂ ਪੰਜਾਬ ਪੁਲਸ ਦੀ ਬਾਜ਼ ਅੱਖ ਹੈ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਰ ਸਖ਼ਤਾਈ ਕਰਨ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਡਰੋਨ ਨਿਗਰਾਨੀ ਸ਼ੁਰੂ ਕੀਤੀ ਗਈ ਹੈ। ਇਸ ਨਾਲ ਕਾਲਾ ਬਾਜ਼ਾਰੀ ਕਰਨ ਵਾਲਿਆਂ ਅਤੇ ਜਮ੍ਹਾਂਖੋਰਾਂ `ਤੇ ਵੀ ਭਾਰੀ ਰੋਕ ਲਗੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 62 ਇਕਾਈਆਂ `ਤੇ ਛਾਪੇ ਮਾਰੇ ਗਏ ਅਤੇ ਇਨ੍ਹਾਂ 'ਚ 23 ਇਕਾਈਆਂ ਕਾਲਾ ਬਜ਼ਾਰੀ ਤੇ ਜਮ੍ਹਾਂਖੋਰੀ 'ਚ ਸ਼ਾਮਲ ਪਾਈਆਂ ਗਈਆਂ, ਜਿਨ੍ਹਾਂ 'ਚ ਗੁਰਦਾਸਪੁਰ (10), ਪਠਾਨਕੋਟ (4), ਕਪੂਰਥਲਾ (4) ਅਤੇ ਜਲੰਧਰ ਦੀ 5 ਇਕਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਵਾ ਫਿਰੋਜ਼ਪੁਰ 'ਚ ਪੰਜ ਹੋਰ ਚਲਾਨ ਕੀਤੇ ਗਏ ਅਤੇ ਬਣਦੀ ਕਾਰਵਾਈ ਤੋਂ ਬਾਅਦ ਜ਼ੁਰਮਾਨਾ ਲਾਇਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਪੀੜਤ ਮਰੀਜ਼ ਤੇ ਅੰਤਿਮ ਸੰਸਕਾਰ ਬਾਰੇ 'ਬਲਬੀਰ ਸਿੱਧੂ' ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਬੋਲੇ
ਵੀਰਵਾਰ ਨੂੰ ਸ਼ੁਰੂ ਕੀਤੀ ਡਰੋਨ ਨਿਗਰਾਨੀ ਸਬੰਧੀ ਦੱਸਦਿਆਂ ਡੀ. ਜੀ. ਪੀ. ਨੇ ਕਿਹਾ ਕਿ ਡਰੋਨ ਹੁਣ ਤੱਕ ਮੋਹਾਲੀ, ਸੰਗਰੂਰ, ਫਾਜ਼ਿਲਕਾ, ਹੁਸ਼ਿਆਰਪੁਰ, ਐਸ. ਬੀ. ਐਸ. ਨਗਰ, ਬਰਨਾਲਾ, ਜਲੰਧਰ (ਦਿਹਾਤੀ), ਮੋਗਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਵਰਗੇ 10 ਜ਼ਿਲਿਆਂ 'ਚ 34 ਥਾਵਾਂ ‘ਤੇ ਤਾਇਨਾਤ ਕੀਤੇ ਗਏ ਹਨ। ਕਰਫਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਮਨੁੱਖੀ ਸ਼ਕਤੀ ਦੀ ਕੁਸ਼ਲ ਢੰਗ ਨਾਲ ਵਰਤੋਂ ਕਰਨ ਅਤੇ ਵੱਡੇ ਖੇਤਰਾਂ ਦੀ ਕਵਰੇਜ ਲਈ ਡਰੋਨ ਨਿਗਰਾਨੀ ਬਹੁਤ ਪ੍ਰਭਾਵਸ਼ਾਲੀ ਪਾਈ ਗਈ। ਸ਼ੁੱਕਰਵਾਰ ਸ਼ਾਮ ਤੱਕ 15 ਐਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ 20 ਵਾਹਨਾਂ ਨੂੰ ਕਬਜ਼ੇ 'ਚ ਲਿਆ ਗਿਆ।
ਡੀ. ਜੀ. ਪੀ. ਨੇ ਕਿਹਾ ਕਿ ਪਿਛਲੇ 48 ਘੰਟਿਆਂ 'ਚ ਉਲੰਘਣਾ ਕਰਨ ਵਾਲਿਆਂ ਖਿਲਾਫ ਕੁੱਲ 900 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 800 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਜਲੰਧਰ ਸ਼ਹਿਰ 'ਚ ਸਭ ਤੋਂ ਵੱਧ 119 ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ 'ਚ 93 ਮਾਮਲੇ ਦਰਜ ਕੀਤੇ ਗਏ। ਸੂਬੇ ਭਰ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਲਈ 21 ਖੁੱਲ੍ਹੀਆਂ ਜੇਲ੍ਹਾਂ 'ਚ ਕਰੀਬ 2000 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਹੁਣ ਤੱਕ ਕਰਫਿਊ ਦੀ ਉਲੰਘਣਾ ਕਰਨ ਵਾਲੇ 2592 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਕੁੱਲ 1784 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : 'ਰੋਪੜ' 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੇਟਿਵ ਕੇਸ, ਪੁਲਸ ਨੇ ਸੀਲ ਕੀਤਾ ਪੂਰਾ ਪਿੰਡ