ਸਰਦੀ ਦੇ ਮੌਸਮ ''ਚ ਹੁਣ ਸੁਪਨਾ ਬਣੀਆਂ ਸਬਜ਼ੀਆਂ
Friday, Nov 24, 2017 - 01:05 AM (IST)

ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਇਕ ਪਾਸੇ ਜਿੱਥੇ ਖੇਤੀ, ਵਪਾਰ ਸਮੇਤ ਹਰ ਖੇਤਰ ਦੇ ਸਮੁੱਚੇ ਕਾਰੋਬਾਰਾਂ 'ਚ ਆਈ ਖੜੋਤ ਕਰ ਕੇ ਆਮ ਲੋਕਾਂ ਦਾ ਘਰੇਲੂ 'ਤਾਣਾ-ਬਾਣਾ' ਉਲਝ ਕੇ ਰਹਿ ਗਿਆ ਹੈ, ਉੱਥੇ ਹੀ ਦੂਜੇ ਪਾਸੇ ਆਰਥਕ ਮੰਦਹਾਲੀ ਦੇ ਨਾਲ ਹੀ ਸਰਦੀਆਂ ਦੇ ਮੌਸਮ 'ਚ ਸਬਜ਼ੀਆਂ ਦੇ ਆਸਮਾਨੀ ਚੜ੍ਹੇ ਭਾਅ ਨੇ ਆਮ ਲੋਕਾਂ ਦੀ ਰਸੋਈ 'ਚੋਂ ਸਬਜ਼ੀਆਂ ਨੂੰ ਗਾਇਬ ਕਰ ਦਿੱਤਾ ਹੈ।
ਕੀ ਕਹਿਣੈ ਸਬਜ਼ੀ ਵਿਕਰੇਤਾਵਾਂ ਦਾ
ਇਸ ਦੇ ਨਾਲ ਹੀ ਸਬਜ਼ੀਆਂ ਵੇਚਣ ਵਾਲੇ ਵੀ ਭਾਅ ਵਧਣ ਕਰ ਕੇ ਖੁਸ਼ ਨਹੀਂ ਹਨ। ਉਨ੍ਹਾਂ ਦਾ ਦੱਸਣਾ ਹੈ ਕਿ ਮਹਿੰਗੇ ਭਾਅ ਕਰ ਕੇ ਵਿਕਰੀ ਘੱਟ ਹੁੰਦੀ ਹੈ, ਜਿਸ ਕਰ ਕੇ ਉਨ੍ਹਾਂ ਦੀ ਰੋਜ਼ਾਨਾ ਦਿਹਾੜੀ ਪੂਰੀ ਪੱਲੇ ਨਹੀਂ ਪੈ ਰਹੀ। ਸਬਜ਼ੀ ਵਿਕਰੇਤਾ ਰਾਮੂ ਦਾ ਕਹਿਣਾ ਹੈ ਕਿ ਇਸ ਵਾਰ ਸਬਜ਼ੀਆਂ ਹਿਮਾਚਲ ਅਤੇ ਹੋਰ ਸੂਬਿਆਂ 'ਚੋਂ ਆ ਰਹੀਆਂ ਹਨ ਅਤੇ ਟਰਾਂਸਪੋਰਟ ਖਰਚ ਕਰ ਕੇ ਸਬਜ਼ੀਆਂ ਦਾ ਮਹਿੰਗਾ ਹੋਣਾ ਸੁਭਾਵਿਕ ਹੀ ਹੈ। ਉਸ ਨੇ ਦੱਸਿਆ ਕਿ ਟਮਾਟਰ, ਮਟਰ ਅਤੇ ਬੰਦ ਗੋਭੀ 60 ਰੁਪਏ ਤੋਂ 100 ਰੁਪਏ ਕਿਲੋ ਤੱਕ ਹੋਣ ਕਰ ਕੇ ਇਨ੍ਹਾਂ ਸਬਜ਼ੀਆਂ ਦਾ ਤਾਂ ਗਾਹਕ ਹੁਣ ਭਾਅ ਪੁੱਛਣੋਂ ਹੀ ਹਟ ਗਏ ਹਨ ਅਤੇ ਟਮਾਟਰ ਪਿਛਲੇ 15 ਦਿਨਾਂ ਤੋਂ 60 ਰੁਪਏ ਕਿਲੋ ਤੋਂ ਉਪਰ ਰਹਿਣ ਕਰ ਕੇ ਹੁਣ ਆਮ ਲੋਕਾਂ ਦੀ ਰਸੋਈ 'ਚ ਸਬਜ਼ੀਆਂ ਦੇ ਤੜਕੇ 'ਚ ਟਮਾਟਰ ਦੀ ਵਰਤੋਂ ਨਹੀਂ ਹੋ ਰਹੀ।