ਡਾ. ਓਬਰਾਏ ਦੇ ਯਤਨਾਂ ਸਦਕਾ 14 ਪੰਜਾਬੀਆਂ ਦੀ ਹੋਈ ਘਰ ਵਾਪਸੀ

03/03/2020 11:10:48 AM

ਅੰਮ੍ਰਿਤਸਰ (ਨਿਰਵੈਲ, ਸੁਮਿਤ ਖੰਨਾ): ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ.ਐੱਸ.ਪੀ. ਓਬਰਾਏ ਦੇ ਯਤਨਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਦੁਬਈ 'ਚ ਫਸੇ 14 ਹੋਰ ਪੰਜਾਬੀਆਂ ਦੀ ਅੱਜ ਘਰ ਵਾਪਸੀ ਹੋਈ। ਜਾਣਕਾਰੀ ਮੁਤਾਬਕ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ-ਖੁਆਰੀ ਤੋਂ ਬਾਅਦ ਇਹ ਨੌਜਵਾਨ ਡਾ. ਓਬਰਾਏ ਦੇ ਯਤਨਾਂ ਸਦਕਾ ਅੱਜ ਆਪਣੇ ਵਤਨ ਪੰਜਾਬ ਪੁੱਜ ਗਏ ਹਨ।  ਦੱਸਣਯੋਗ ਹੈ ਕਿ ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ 'ਚੋਂ ਅੱਜ 14 ਹੋਰ ਨੌਜਵਾਨ ਦੁਬਈ ਦੇ ਵੱਡੇ ਦਿਲ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ।

PunjabKesari

ਦੁਬਈ ਤੋਂ ਪਰਤੇ ਨੌਜਵਾਨਾਂ ਨੂੰ ਲੈਣ ਉਚੇਚੇ ਤੌਰ ਤੇ ਹਵਾਈ ਅੱਡੇ ਪਹੁੰਚੇ ਪੂਰੀ ਦੁਨੀਆ ਅੰਦਰ ਲੋੜਵੰਦਾਂ ਮਸੀਹਾ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ.ਸਿੰਘ ਓਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇੱਕ ਕੰਪਨੀ ਨੇ ਸਕਿਓਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਸਬੰਧਿਤ ਕੰਪਨੀ ਮਾਲਕ ਆਪਣੀ ਕੰਪਨੀ ਬੰਦ ਕਰ ਕੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਕੰਪਨੀ ਬੰਦ ਹੋ ਜਾਣ ਨਾਲ ਜਿੱਥੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਉੱਥੇ ਹੀ ਉਨ੍ਹਾਂ ਵਲੋਂ ਕੀਤੇ ਗਏ ਤਿੰਨ ਤੋਂ ਛੇ ਮਹੀਨਿਆਂ ਦੇ ਕੰਮ ਦੀ ਤਨਖਾਹ ਵੀ ਨਹੀਂ ਦਿੱਤੀ ਗਈ, ਜਿਸ ਕਾਰਨ ਇਨ੍ਹਾਂ ਨੂੰ ਸਿਰ ਉੱਤੇ ਛੱਤ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਅਤੁਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਜਦ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਹੱਡ ਬੀਤੀ ਸੁਣਾਈ ਤਾਂ ਉਨ੍ਹਾਂ ਇਨ੍ਹਾਂ ਨੌਜਵਾਨਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਆਪਣੇ ਖਰਚ ਤੇ ਇਨ੍ਹਾਂ ਨੂੰ ਵਾਪਸ ਭਾਰਤ ਲੈ ਕੇ ਆਉਣ ਦਾ ਫੈਸਲਾ ਲਿਆ, ਜਿਸ ਤਹਿਤ ਉਹ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਇਲਾਵਾ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ,ਜੁਰਮਾਨੇ,ਓਵਰਸਟੇਅ ਦਾ ਖਰਚਾ ਵੀ ਉਨ੍ਹਾਂ ਖੁਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 29 ਨੌਜਵਾਨਾਂ ਚੋਂ 10 ਨੌਜਵਾਨ ਜਿਨ੍ਹਾਂ ਦੇ ਕਾਗਜ਼ਾਤ ਮੁਕੰਮਲ ਸਨ, ਉਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਘਰਾਂ 'ਚ ਪਹੁੰਚਾ ਦਿੱਤਾ ਗਿਆ ਹੈ ਜਦ ਕਿ ਅੱਜ 14 ਹੋਰ ਨੌਜਵਾਨ ਦੁਬਈ ਤੋਂ ਭਾਰਤ ਪਹੁੰਚ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਕੀ ਬਚਦੇ 5 ਨੌਜਵਾਨਾਂ ਨੂੰ ਵੀ ਜਲਦ ਹੀ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਆਉਣ ਵਾਲੇ ਨੌਜਵਾਨਾਂ 'ਚੋਂ 11 ਨੌਜਵਾਨ ਪੰਜਾਬ, 2 ਹਿਮਾਚਲ ਅਤੇ 1 ਹਰਿਆਣਾ ਨਾਲ ਸਬੰਧਿਤ ਹੈ ਜਦੋਂ ਕਿ ਕੁਲ 29 ਨੌਜਵਾਨਾਂ 'ਚ ਪੰਜਾਬ ਦੇ 18,ਹਰਿਆਣਾ ਦੇ 6,ਹਿਮਾਚਲ ਦੇ 4 ਅਤੇ ਦਿੱਲੀ 1 ਨੌਜਵਾਨ ਸ਼ਾਮਲ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਕੁੱਲ 18 ਨੌਜਵਾਨਾਂ 'ਚੋਂ 7 ਇਕੱਲੇ ਹੁਸ਼ਿਆਰਪੁਰ ਜਿਲ੍ਹੇ ਨਾਲ ਹੀ ਸਬੰਧਿਤ ਹਨ। ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਜਿੰਨਾ ਚਿਰ ਤੱਕ ਸਾਰੇ ਨੌਜਵਾਨ ਵਾਪਸ ਨਹੀਂ ਆ ਜਾਂਦੇ ਉਨਾਂ ਚਿਰ ਤੱਕ ਦੁਬਈ ਅੰਦਰ ਉਨ੍ਹਾਂ ਦੀ ਰਿਹਾਇਸ਼ ਅਤੇ ਤਿੰਨ ਟਾਇਮ ਖਾਣੇ ਦਾ ਪ੍ਰਬੰਧ ਵੀ ਪਹਿਲਾਂ ਦੀ ਤਰਾਂ ਉਨ੍ਹਾਂ ਵੱਲੋਂ ਹੀ ਜਾਰੀ ਰਹੇਗਾ।

PunjabKesari

ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ.ਓਬਰਾਏ ਨੇ ਜਿੱਥੇ ਨੌਜਵਾਨਾਂ ਨੂੰ ਨਸੀਹਤ ਦਿੱਤੀ ਕਿ ਉਹ ਏਜੰਟਾਂ ਵੱਲੋਂ ਦੱਸੀ ਗਈ ਕੰਪਨੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਉਪਰੰਤ ਹੀ ਅਰਬ ਦੇਸ਼ਾਂ ਅੰਦਰ ਆਉਣ ਉੱਥੇ ਹੀ ਉਨ੍ਹਾਂ ਕਿਹਾ ਕਿ ਮਸਕਟ ਅੰਦਰ ਫਸੀਆਂ ਸਭ ਕੁੜੀਆਂ ਨੂੰ ਬਚਾਉਣ ਲਈ ਉਹ ਹਰ ਕੀਮਤ ਦੇਣ ਲਈ ਤਿਆਰ ਹਨ ਪਰ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਵੀ ਉਨ੍ਹਾਂ ਦੀ ਬਣਦੀ ਮਦਦ ਲਈ ਅੱਗੇ ਆਵੇ। ਇਸੇ ਦੌਰਾਨ ਦੁਬਈ ਤੋਂ ਵਤਨ ਪੁੱਜੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਨਮ ਅੱਖਾਂ ਨਾਲ ਆਪਣੀ ਹੱਡ ਬੀਤੀ ਸੁਣਾਉਂਦਿਆਂ ਕਿਹਾ ਕਿ ਡਾ.ਐੱਸ.ਪੀ.ਸਿੰਘ ਓਬਰਾਏ ਤਾਂ ਉਨ੍ਹਾਂ ਲਈ ਰੱਬ ਬਣ ਕੇ ਬਹੁੜੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਕੀਤੇ ਗਏ ਇਸ ਵੱਡੇ ਪਰਉਪਕਾਰ ਲਈ ਉਹ ਤੇ ਉਨ੍ਹਾਂ ਉਨ੍ਹਾਂ ਦੇ ਪਰਿਵਾਰ ਹਮੇਸ਼ਾਂ ਡਾ.ਓਬਰਾਏ ਦੇ ਰਿਣੀ ਰਹਿਣਗੇ। ਇਸ ਮੌਕੇ ਰਾਜਨ ਸਿੱਧੂ,ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਖਜ਼ਾਨਚੀ ਨਵਜੀਤ ਸਿੰਘ ਘਈ,ਗੁਰਪ੍ਰੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਦੁਬਈ ਤੋਂ ਪਰਤਣ ਵਾਲੇ ਨੌਜਵਾਨਾਂ ਦੇ ਮਾਪੇ ਵੀ ਵੱਡੀ ਗਿਣਤੀ 'ਚ ਮੌਜੂਦ ਸਨ।

ਡਾ. ਐਸ. ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਤਨ ਪੁੱਜੇ ਨੌਜਵਾਨਾਂ ਦੀ ਸੂਚੀ :-
1. ਵਰੁਨ ਵਾਸੀ ਹੁਸ਼ਿਆਰਪੁਰ
2.ਅਮਨਦੀਪ ਸਿੰਘ ਵਾਸੀ ਚੱਬੇਵਾਲ (ਹੁਸ਼ਿਆਰਪੁਰ)
3. ਅਮਨਦੀਪ ਵਾਸੀ ਚੱਬੇਵਾਲ (ਹੁਸ਼ਿਆਰਪੁਰ)
4.ਮਨਪ੍ਰੀਤ ਸਿੰਘ ਵਾਸੀ ਗੜ੍ਹਸ਼ੰਕਰ (ਹੁਸ਼ਿਆਰਪੁਰ)
5. ਵਿਸ਼ਾਲ ਸ਼ਰਮਾ ਵਾਸੀ ਗੜ੍ਹਸੰਕਰ (ਹੁਸ਼ਿਆਰਪੁਰ)
6.ਮਨਦੀਪ ਸਿੰਘ ਗੜ੍ਹਸ਼ੰਕਰ (ਹੁਸ਼ਿਆਰਪੁਰ)
7. ਪ੍ਰਵੀਨ ਕੁਮਾਰ ਵਾਸੀ ਗੜ੍ਹਸ਼ੰਕਰ (ਹੁਸ਼ਿਆਰਪੁਰ)
8. ਬਲਵਿੰਦਰ ਕੁਮਾਰ ਵਾਸੀ ਕਪੂਰਥਲਾ
9. ਨਿਤਿਸ਼ ਚੰਦਲਾ ਵਾਸੀ ਪਟਿਆਲਾ
10.ਰਾਜ ਕਿਸ਼ੋਰ ਭਾਰਗਵ ਵਾਸੀ ਫਗਵਾੜਾ
11. ਭਵਨਪ੍ਰੀਤ ਸਿੰਘ ਵਾਸੀ ਖਰੜ
12. ਦੀਪਕ ਕੁਮਾਰ ਵਾਸੀ ਪਾਨੀਪਤ (ਹਰਿਆਣਾ)
13.ਵਿਕਰਨ ਜੋਸ਼ੀ ਵਾਸੀ ਊਨਾ (ਹਿਮਾਚਲ ਪ੍ਰਦੇਸ਼)
14.ਗੋਪਾਲ ਵਾਸੀ ਊਨਾ (ਹਿਮਾਚਲ ਪ੍ਰਦੇਸ਼)


Shyna

Content Editor

Related News