ਕੁਵੰਰ ਵਿਜੇ ਪ੍ਰਤਾਪ ਨੂੰ ਸਿਟ ਤੋਂ ਹਟਾਏ ਜਾਣ ''ਤੇ ਸੁਣੋ ਅਕਾਲੀ ਆਗੂ ਦਲਜੀਤ ਚੀਮਾ ਦਾ ਬਿਆਨ
Thursday, Apr 11, 2019 - 03:56 PM (IST)
ਜਲੰਧਰ (ਬੁਲੰਦ)—15 ਅਪ੍ਰੈਲ ਨੂੰ ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਅਕਾਲੀ ਦਲ ਅਤੇ ਭਾਜਪਾ ਵੱਲੋਂ ਸੂਬਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਬਾਰੇ ਅੱਜ ਅਕਾਲੀ ਦਲ ਵੱਲੋਂ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ 'ਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਣੇ ਦੋਆਬਾ ਇਕਾਈ ਦੇ ਸਾਰੇ ਹਲਕਿਆਂ ਦੇ ਇੰਚਾਰਜ ਅਤੇ ਵਿਧਾਇਕ ਸ਼ਾਮਲ ਹੋਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਜਿਨ੍ਹਾਂ ਕਾਰਨਾਂ ਕਰਕੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਇੰਚਾਰਜ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਇਆ ਹੈ, ਉਨ੍ਹਾਂ ਤੋਂ ਸਾਫ ਹੈ ਕਿ ਉਹ ਕਾਂਗਰਸ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸਿਟ ਦੇ ਮੈਂਬਰਾਂ ਨੂੰ ਪ੍ਰੈੱਸ ਵਿਚ ਇੰਟਰਵਿਊ ਦੇਣ ਦਾ ਇਹ ਪਹਿਲਾ ਮਾਮਲਾ ਸੀ ਅਤੇ ਇਸ ਨੂੰ ਚੋਣ ਕਮਿਸ਼ਨ ਨੇ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਨਕੋਦਰ 'ਚ 33 ਸਾਲ ਪਹਿਲਾਂ ਮਾਰੇ ਗਏ ਸਿੱਖਾਂ ਦੇ ਮਾਮਲੇ 'ਚ ਉਹ ਕੁਝ ਨਹੀਂ ਜਾਣਦੇ, ਇਸ ਬਾਰੇ ਜਾਂ ਤਾਂ ਪਾਰਟੀ ਪ੍ਰਧਾਨ ਕੋਲੋਂ ਪੁੱਛਿਆ ਜਾਵੇ ਜਾਂ ਚਰਨਜੀਤ ਸਿੰਘ ਅਟਵਾਲ ਕੋਲੋਂ, ਜਿਨ੍ਹਾਂ ਨੂੰ ਇਸ ਮਾਮਲੇ ਦੀ ਰਿਪੋਰਟ ਵਿਧਾਨ ਸਭਾ ਵਿਚ ਦਿੱਤੀ ਗਈ ਸੀ।