ਡਾ. ਓਬਰਾਏ ਦੀ ਬਦੌਲਤ ਵਤਨ ਪਰਤੇ 177 ਨੌਜਵਾਨ, ਤੀਜੀ ਉਡਾਣ ਪੁੱਜੀ ਚੰਡੀਗੜ੍ਹ

Thursday, Jul 23, 2020 - 11:24 AM (IST)

ਡਾ. ਓਬਰਾਏ ਦੀ ਬਦੌਲਤ ਵਤਨ ਪਰਤੇ 177 ਨੌਜਵਾਨ, ਤੀਜੀ ਉਡਾਣ ਪੁੱਜੀ ਚੰਡੀਗੜ੍ਹ

ਮੋਹਾਲੀ (ਪਰਦੀਪ) : ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ 'ਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ. ਏ. ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 177 ਲੋਕਾਂ ਨੂੰ ਆਪਣੇ ਖਰਚ 'ਤੇ ਬੁੱਕ ਕੀਤੇ ਤੀਜੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ ਵਤਨ ਲਿਆਂਦਾ ਹੈ। ਇਸ ਸਬੰਧੀ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ, ਜੋ ਆਪਣੇ ਦੇਸ਼ ਆਉਣ ਲਈ ਤਰਲੋ-ਮੱਛੀ ਹੋ ਰਹੇ ਹਨ।

ਇਹ ਵੀ ਪੜ੍ਹੋ : ਪ੍ਰਾਪਰਟੀ ਖਰੀਦਣ 'ਚ ਪੰਜਾਬੀ ਨਹੀਂ ਦਿਖਾ ਰਹੇ ਦਿਲਚਸਪੀ, ਰਜਿਸਟਰੀਆਂ ਦਾ ਕੰਪ ਠੱਪ

PunjabKesari

ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋਂ ਵੱਧ ਗਿਣਤੀ ਭਾਵ ਹਜ਼ਾਰਾਂ 'ਚ ਹੈ, ਉਹ ਅਜਿਹੇ ਕਾਮੇ ਹਨ, ਜੋ ਕੋਰੋਨਾ ਮਹਾਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ 'ਤੇ ਆ ਚੁੱਕੇ ਹਨ। ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ, ਉਨ੍ਹਾਂ ਅੰਦਰ ਤਾਂ ਉਹ ਸੈਂਕੜੇ ਬੇਰੋਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ 'ਤੇ ਮੁਫ਼ਤ ਰਿਹਾਇਸ਼ ਅਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ : ਵਿੱਤੀ ਸੰਕਟ 'ਚ ਫਸੀ 'ਪੰਜਾਬੀ ਯੂਨੀਵਰਸਿਟੀ' ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ

ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਦੁਬਈ ਤੋਂ ਭਾਰਤ ਆਉਣ ਲਈ ਰਜਿਸਟਰਡ ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ 'ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ 'ਚੋਂ ਪਹਿਲੀ ਸਾਲਮ ਚਾਰਟਡ ਉਡਾਣ ਜੋ 7 ਜੁਲਾਈ ਨੂੰ ਰਾਸ ਅਲ ਖੇਮਾ (ਯੂ. ਏ. ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ, ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਂਦਾ ਸੀ। ਦੂਜੀ ਵਿਸ਼ੇਸ਼ ਸਾਲਮ ਉਡਾਣ ਵੀ ਰਾਸ ਅਲ ਖੇਮਾ (ਯੂ. ਏ.ਈ.) ਹਵਾਈ ਅੱਡੇ ਤੋਂ ਚੱਲ ਕੇ 174 ਫਸੇ ਹੋਏ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਲੈ ਕੇ 13 ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਵਿਖੇ ਪਹੁੰਚੀ ਸੀ, ਜਦ ਕਿ ਹੁਣ ਮੁੜ ਉੱਥੇ ਫਸੇ 177 ਲੋਕਾਂ ਨੂੰ ਲੈ ਕੇ ਤੀਜੀ ਸਾਲਮ (ਚਾਰਟਰਡ) ਉਡਾਣ ਚੰਡੀਗੜ੍ਹ ਵਿਖੇ ਪਹੁੰਚੀ ਹੈ, ਜਿਸ 'ਚ 4 ਵਿਅਖਤੀ ਜੰਮੂ ਅਤੇ ਕਸ਼ਮੀਰ, 16 ਹਿਮਾਚਲ ਜਦੋਂ ਕਿ ਬਾਕੀ ਪੰਜਾਬ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ 'ਚ 'ਕੋਰੋਨਾ' ਨੇ ਪਾਇਆ ਭੜਥੂ, ਵੱਡੀ ਗਿਣਤੀ 'ਚ ਨਵੇਂ ਕੇਸਾਂ ਦੀ ਪੁਸ਼ਟੀ

ਡਾ. ਓਬਰਾਏ ਨੇ ਦੱਸਿਆ ਕਿ ਵਾਪਸ ਪਰਤਣ ਵਾਲਿਆਂ 'ਚੋਂ ਕੁਝ ਨੇ ਖੁਦ ਟਿਕਟ ਦੇ ਪੈਸੇ ਦਿੱਤੇ, ਕੁੱਝ ਨੇ 30 ਤੋਂ 50 ਫ਼ੀਸਦੀ ਪੈਸੇ ਦਿੱਤੇ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵੱਲੋਂ ਕੀਤਾ ਗਿਆ ਹੈ, ਜਦ ਕਿ ਆਉਣ ਵਾਲੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੋਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਨੌਜਵਾਨ ਵਿਦੇਸ਼ 'ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਖ਼ੁਦਕਸ਼ੀ ਦੇ ਰਾਹ ਨਾ ਪੈ ਜਾਣ ਜਾਂ ਮਜਬੂਰੀ ਵੱਸ ਕਿਤੇ ਅਪਰਾਧ ਦੀ ਦੁਨੀਆਂ 'ਚ ਸ਼ਾਮਲ ਨਾ ਹੋ ਜਾਣ।

ਇਸ ਲਈ ਹੀ ਉਹ ਖਾੜੀ ਮੁਲਕਾਂ 'ਚੋਂ ਲਾਸ਼ਾਂ ਵਾਪਸ ਲਿਆਉਣ ਜਾਂ ਬਲੱਡ ਮਨੀ ਦੇ ਕੇ ਜੇਲ੍ਹਾਂ 'ਚੋਂ ਛੁਡਵਾਉਣ ਦੀ ਬਜਾਏ ਇਹ ਖ਼ਰਚਾ ਕਰਕੇ ਜਿਊਂਦੇ-ਜਾਗਦੇ ਨੌਜਵਾਨਾਂ ਨੂੰ ਵਾਪਸ ਵਤਨ ਲੈ ਕੇ ਆਉਣ ਲਈ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖਾੜੀ ਦੇਸ਼ਾਂ 'ਤੋਂ ਵਾਪਸ ਪਰਤੇ ਇਨ੍ਹਾਂ ਲੋਕਾਂ ਨੂੰ ਸਵੈ ਰੋਜ਼ਗਾਰ ਦੇ ਰਾਹ ਪਾਉਣ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰੇਕ ਜ਼ਿਲ੍ਹੇ 'ਚ 'ਹੁਨਰ ਵਿਕਾਸ ਕੇਂਦਰ' ਖੋਲ੍ਹੇ ਜਾਣ ਸਬੰਧੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ 'ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਟਰੱਸਟ ਵੱਲੋਂ ਬੁੱਕ ਕਰਵਾਏ ਗਏ ਸਾਲਮ (ਚਾਰਟਰਡ) ਜਹਾਜ਼ਾਂ 'ਚੋਂ ਅਗਲੀ ਭਾਵ ਚੌਥੀ ਸਾਲਮ ਉਡਾਣ 30 ਜੁਲਾਈ ਨੂੰ ਮੁੜ ਅੰਮ੍ਰਿਤਸਰ ਵਿਖੇ ਪਹੁੰਚੇਗੀ, ਜਿਸ ਲਈ ਉੱਥੇ ਫਸੇ ਲੋਕ ਟਰੱਸਟ ਦੇ ਦੁਬਈ ਸਥਿਤ ਦਫਤਰ 'ਚ ਆਪਣੇ ਨਾਂ ਦਰਜ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਬੇਗ਼ਾਨੇ ਮੁਲਕ 'ਚ ਫਸੇ ਲੋਕਾਂ ਦੀ ਵਤਨ-ਵਾਪਸੀ ਲਈ ਚੁੱਕੇ ਗਏ ਇਸ ਵੱਡੇ ਕਦਮ ਕਾਰਨ ਜਿੱਥੇ ਸਰਕਾਰਾਂ ਵੀ ਹੈਰਾਨ ਹਨ, ਉੱਥੇ ਹੀ ਪੂਰੀ ਦੁਨੀਆ ਅੰਦਰ ਬੈਠਾ ਹਰੇਕ ਭਾਰਤੀ ਇਸ ਵੱਡੇ ਦਿਲ ਵਾਲੇ ਸਰਦਾਰ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਆਈ. ਪੀ. ਐੱਸ. ਚੱਡਾ ਤੇ ਪੁਨੀਤ ਆਦਿ ਵੀ ਮੌਜੂਦ ਸਨ।
 


 


author

Babita

Content Editor

Related News