ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ

Wednesday, Aug 25, 2021 - 08:31 PM (IST)

ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ

ਅੰਮ੍ਰਿਤਸਰ- ਪੂਰੀ ਦੁਨੀਆਂ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਾ ਤਾਂ ਚੋਣ ਸਿਆਸਤ 'ਚ ਕੁੱਦਣ ਦੇ ਚਾਹਵਾਨ ਹਨ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਗੇ।

ਇਹ ਵੀ ਪੜ੍ਹੋ : ਮਾਲਵਿੰਦਰ ਸਿੰਘ ਮਾਲੀ ਨੇ ਮੁੜ ਪਾਈ ਪੋਸਟ, ਨਿਸ਼ਾਨੇ ’ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ
ਮੀਡੀਆ ਦੇ ਇੱਕ ਹਿੱਸੇ ਵਿੱਚ ਚੱਲ ਰਹੀਆਂ ਅਜਿਹੀਆਂ ਅਟਕਲਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਮਨ ਦੀ ਸ਼ਾਂਤੀ ਅਤੇ ਲੋਕਾਂ ਦੀ ਸੇਵਾ ਲਈ ਹੀ ਸਮਾਜ ਸੇਵਾ ਦਾ ਰਾਹ ਚੁਣਿਆ ਹੈ ਅਤੇ ਇਸੇ ਤਰ੍ਹਾਂ ਇਹ ਕੰਮ ਜਾਰੀ ਰੱਖਾਂਗਾ। ਡਾ. ਓਬਰਾਏ ਜਿਨ੍ਹਾਂ ਨੇ ਆਮ ਲੋਕਾਂ ਦੀ ਸਹੂਲਤ ਲਈ ਪਿਛਲੇ ਸਮੇਂ ਦੌਰਾਨ ਸਿਹਤ ਸੇਵਾਵਾਂ 'ਚ ਸੁਧਾਰ ਲਿਆਉਣ ਦੇ ਮਕਸਦ ਨਾਲ ਵੱਡੇ ਅਤੇ ਮਿਸਾਲੀ ਸੇਵਾ ਕਾਰਜ ਨਿਭਾਏ ਹਨ। ਜਿਨ੍ਹਾਂ 'ਚ ਡਾਇਲਸਿਸ ਯੂਨਿਟ ਸਥਾਪਤ ਕਰਨਾ, ਡਾਇਗਨੋਜ਼ਟਿਕ ਲੈਬਾਰਟਰੀਆਂ ਦੀ ਵਿਵਸਥਾ, ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਵੈਂਟੀਲੇਟਰ, ਆਕਸੀਜਨ ਕੰਸਨਟ੍ਰੇਟਰ, ਅਲਟਰਾਸਾਊਂਡ, ਈ. ਸੀ. ਜੀ. ਅਤੇ ਡਿਜੀਟਲ ਐਕਸਰੇ ਮਸ਼ੀਨਾਂ, ਸੈੱਲ ਕਾਊਂਟਰ, ਆਟੋ ਐਨਾਲਾਈਜ਼ਰ, ਐਂਬੂਲੈਂਸ ਗੱਡੀਆਂ ਅਤੇ ਸ਼ਵ ਵੈਨਾਂ, ਵੱਡੀ ਗਿਣਤੀ 'ਚ ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਬਕਸੇ, ਪਲਸ ਆਕਸੀਮੀਟਰ, ਇਨਫਰਾ ਰੈੱਡ ਥਰਮਾਮੀਟਰ, ਸੈਨੀਟਾਈਜ਼ਰ, ਐਨ-95 ਮਾਸਕ, ਪੀ. ਪੀ. ਈ. ਕਿੱਟਾਂ ਸਮੇਤ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਸੂਬੇ ਦੇ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਅੰਦਰ 5 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਵਿਦੇਸ਼ੀ ਆਕਸੀਜਨ ਪਲਾਂਟ ਸਥਾਪਿਤ ਕਰ ਕੇ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਸ. ਭਾਗ ਸਿੰਘ ਅਣਖੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਪ੍ਰਗਟਾਇਆ ਅਫ਼ਸੋਸ 
ਡਾ. ਓਬਰਾਏ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਸਿਹਤ ਸੇਵਾਵਾਂ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਆਪਣੇ ਯਤਨ ਹੋਰ ਵੀ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੋਲੋਂ ਜੋ ਛੋਟੇ ਸਿਵਲ ਹਪਸਤਾਲ ਨਹੀਂ ਚੱਲ ਰਹੇ, ਉਨ੍ਹਾਂ ਦਾ ਸਰਬੱਤ ਦਾ ਭਲਾ ਟਰੱਸਟ ਅਜਿਹੇ ਹਸਪਤਾਲਾਂ ਨੂੰ ਚਲਾਉਣ ਲਈ ਵੀ ਕੰਮ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਚ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਿਪਟਣ ਲਈ ਉਹ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਦਾ ਕੰਮ ਵੀ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਹਨ, ਜਿਸ ਤਹਿਤ ਉਹ ਸੂਬੇ ਦੀਆਂ ਬੰਦ ਪਈਆਂ ਸਾਰੀਆਂ ਆਈ. ਟੀ. ਆਈਜ਼ ਤੇ ਅਜਿਹੇ ਕਿੱਤਾ-ਮੁਖੀ ਕਾਲਜਾਂ ਨੂੰ ਵੀ ਇਸ ਮੰਤਵ ਲਈ ਵਰਤੋਂ 'ਚ ਲਿਆਉਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਬੰਦ ਪਏ ਅਜਿਹੇ ਅਦਾਰਿਆਂ ਨੂੰ ਚਲਾਉਣ ਦਾ ਸਾਰਾ ਖਰਚਾ ਉਨ੍ਹਾਂ ਦੇ ਟਰੱਸਟ ਵੱਲੋਂ ਚੁੱਕਿਆ ਜਾਵੇਗਾ, ਜਿਸ ਦਾ ਸਰਕਾਰ 'ਤੇ ਕੋਈ ਆਰਥਿਕ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੇ ਕਿੱਤਾਮੁਖੀ ਕੋਰਸ ਕਰਵਾਏ ਜਾਣ ਦੀ ਉਨ੍ਹਾਂ ਪੂਰੀ ਰੂਪ ਰੇਖਾ ਤਿਆਰ ਕੀਤੀ ਹੋਈ ਹੈ, ਜਿਨ੍ਹਾਂ ਦੀ ਵੱਡੀ ਮੰਗ ਤੇ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ 'ਚ ਹੀ ਰੁਜ਼ਗਾਰ ਦੇ ਵੱਡੇ ਮੌਕੇ ਮਿਲਣਗੇ। ਉਨ੍ਹਾਂ ਮੁੜ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਚੋਣ-ਸਿਆਸਤ 'ਚ ਕੁੱਦਣ ਦਾ ਕੋਈ ਵਿਚਾਰ ਨਹੀਂ ਹੈ। 


author

Bharat Thapa

Content Editor

Related News